ਕੈਨੇਡਾ ਭੇਜਣ ਦੇ ਨਾਂ ’ਤੇ 13 ਲੱਖ ਦੀ ਠੱਗੀ, 2 ਏਜੰਟਾਂ ਖ਼ਿਲਾਫ਼ ਮਾਮਲਾ ਦਰਜ

Tuesday, Nov 28, 2023 - 03:34 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਕੈਨੇਡਾ ਭੇਜਣ ਦੇ ਨਾਂ ’ਤੇ 13 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 2 ਏਜੰਟਾਂ ਖ਼ਿਲਾਫ਼ ਥਾਣਾ ਸਦਰ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਹਰਵਿੰਦਰ ਸੁਮਨ ਪੁੱਤਰ ਜਸਵੀਰ ਕੁਮਾਰ ਵਾਸੀ ਬਲਾਚੌਰ ਨੇ ਦੱਸਿਆ ਕਿ ਉਹ ਪਿੰਡ ਮੀਰਪੁਰ ਜੱਟਾਂ ਵਿੱਚ ਸਥਿਤ ਸੁਵਿਧਾ ਕੇਂਦਰ ’ਚ ਕੰਮ ਕਰਦਾ ਸੀ, ਜਿੱਥੇ ਇਸੇ ਪਿੰਡ ਦੇ ਸ਼ਿਵਮ ਕੁਮਾਰ ਦਾ ਆਪਣੇ ਕੰਮ ਲਈ ਆਉਣਾ-ਜਾਣਾ ਸੀ। ਸ਼ਿਵਮ ਨੇ ਦੱਸਿਆ ਕਿ ਉਸਦਾ ਕੈਨੇਡਾ ਦਾ ਵੀਜ਼ਾ ਏਜੰਟ ਸਰਬਜੀਤ ਸਿੰਘ ਸੰਧੂ ਵਾਸੀ ਪਿੰਡ ਅਚਿੰਤ ਕੋਟ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਲਾਇਆ ਗਿਆ ਸੀ ਅਤੇ ਉਸਨੇ ਉਸ ਨੂੰ ਆਪਣਾ ਵੀਜ਼ਾ ਵੀ ਦਿਖਾਇਆ ਸੀ।

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਵਾਪਰੀ ਘਟਨਾ 'ਤੇ ਐਕਸ਼ਨ 'ਚ ਸ਼੍ਰੋਮਣੀ ਕਮੇਟੀ, ਲਿਆ ਵੱਡਾ ਫ਼ੈਸਲਾ

ਹਰਵਿੰਦਰ ਨੇ ਦੱਸਿਆ ਕਿ ਉਕਤ ਏਜੰਟ ਨਾਲ ਉਸਦੇ ਨਿੱਜੀ ਸਬੰਧ ਹਨ ਅਤੇ ਜੇਕਰ ਉਹ ਵਿਦੇਸ਼ (ਕੈਨੇਡਾ) ਜਾਣਾ ਚਾਹੁੰਦਾ ਹੈ ਤਾਂ ਉਕਤ ਏਜੰਟ ਤੋਂ ਆਪਣਾ ਕੰਮ ਕਰਵਾ ਸਕਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਵਿਦੇਸ਼ ਜਾਣਾ ਚਾਹੁੰਦਾ ਸੀ ਅਤੇ ਉਸਨੇ ਸ਼ਿਵਮ ਨੂੰ ਉਕਤ ਏਜੰਟ ਨਾਲ ਗੱਲ ਕਰਵਾਉਣ ਲਈ ਕਿਹਾ। ਉਸ ਨੂੰ ਕੈਨੇਡਾ ਭੇਜਣ ਲਈ ਉਕਤ ਏਜੰਟ ਨਾਲ 13 ਲੱਖ ਰੁਪਏ ਵਿਚ ਸੌਦਾ ਤੈਅ ਹੋਇਆ ਅਤੇ ਉਸਨੇ ਆਪਣਾ ਪਾਸਪੋਰਟ, ਹੋਰ ਦਸਤਾਵੇਜ਼ ਅਤੇ 10 ਲੱਖ ਰੁਪਏ ਚੈੱਕ ਰਾਹੀਂ ਉਕਤ ਏਜੰਟ ਨੂੰ ਦੇ ਦਿੱਤੇ।

ਇਹ ਵੀ ਪੜ੍ਹੋ :  ਪੰਜਾਬ ਸਣੇ 3 ਸੂਬਿਆਂ ਲਈ ਕੇਂਦਰ ਸਰਕਾਰ ਦਾ ਵੱਡਾ ਐਲਾਨ

ਹਰਵਿੰਦਰ ਨੇ ਦੱਸਿਆ ਕਿ ਪੈਸੇ ਦੇਣ ਤੋਂ ਬਾਅਦ ਉਸ ਨੂੰ ਦੱਸਿਆ ਗਿਆ ਕਿ ਉਸਦਾ ਵੀਜ਼ਾ ਆ ਗਿਆ ਹੈ ਅਤੇ ਉਨ੍ਹਾਂ ਟਿਕਟ ਖ਼ਰੀਦਣ ਲਈ 2 ਲੱਖ ਰੁਪਏ ਦੀ ਮੰਗ ਕੀਤੀ, ਜੋ ਉਸ ਨੇ ਉਨ੍ਹਾਂ ਨੂੰ ਦੇ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟ ਨੇ ਆਪਣੇ ਨਾਲ 2 ਹਜ਼ਾਰ ਡਾਲਰ ਲੈ ਜਾਣ ਬਦਲੇ 1 ਲੱਖ ਰੁਪਏ ਦੀ ਮੰਗ ਕੀਤੀ ਅਤੇ ਉਹ ਵੀ ਉਸਨੂੰ ਦੇ ਦਿੱਤਾ ਗਿਆ। ਹਰਵਿੰਦਰ ਨੇ ਦੱਸਿਆ ਕਿ ਉਸਨੇ ਆਪਣੇ ਰਿਸ਼ਤੇਦਾਰਾਂ ਤੋਂ ਵਿਆਜ ’ਤੇ ਕਾਫੀ ਪੈਸੇ ਉਧਾਰ ਲਏ ਸਨ। ਏਜੰਟ ਨੇ ਉਸਨੂੰ ਦੱਸਿਆ ਕਿ ਉਸਦੀ ਫਲਾਈਟ 22 ਅਗਸਤ ਨੂੰ ਹੈ ਅਤੇ ਉਸਨੇ 21 ਅਗਸਤ ਨੂੰ ਉਸਨੂੰ ਫੋਨ ਕੀਤਾ ਪਰ ਉਸਦਾ ਫੋਨ ਬੰਦ ਆਉਣ ਲੱਗਾ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਏਜੰਟਾਂ ਨੇ ਨਾ ਤਾਂ ਉਸਦਾ ਪਾਸਪੋਰਟ ਅਤੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸਨੂੰ ਵਿਦੇਸ਼ ਭੇਜਿਆ। ਉਸਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ’ਚ ਉਸਦੇ ਪੈਸੇ ਵਾਪਸ ਕਰਵਾਉਣ ਅਤੇ ਦੋਸ਼ੀ ਏਜੰਟਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਪਡ਼ਤਾਲ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਵੱਲੋਂ ਕਰਨ ਉਪਰੰਤ ਨਤੀਜਾ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਸਰਬਜੀਤ ਸਿੰਘ ਸੰਧੂ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਅਚਿੰਤ ਕੋਟ ਥਾਣਾ ਘਰਿੰਡਾ (ਅੰਮ੍ਰਿਤਸਰ) ਅਤੇ ਸ਼ਿਵਮ ਕੁਮਾਰ ਪੁੱਤਰ ਕੌਸ਼ਲ ਕੁਮਾਰ ਵਾਸੀ ਪਿੰਡ ਮੀਰਪੁਰ ਜੱਟਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Harnek Seechewal

Content Editor

Related News