ਜ਼ੋਮੈਟੋ ਡਲਿਵਰੀ ਬੁਆਏ ਦੀ ਸੜਕ ਹਾਦਸੇ ''ਚ ਮੌਤ, ਡਲਿਵਰੀ ਬੁਆਏਜ਼ ਨੇ ਕੀਤਾ ਚੱਕਾ ਜਾਮ
Wednesday, Sep 11, 2019 - 07:26 PM (IST)
ਖਰੜ,(ਅਮਰਦੀਪ, ਰਣਬੀਰ, ਸ਼ਸ਼ੀ): ਖਰੜ-ਮੋਹਾਲੀ ਕੌਮੀ ਮਾਰਗ ਫਲਾਈਓਵਰ ਦੇ ਹੇਠਾਂ ਗਿਲਕੋ ਵੈਲੀ ਸਾਹਮਣੇ ਸੜਕ ਹਾਦਸੇ 'ਚ ਜ਼ੋਮੈਟੋ ਡਲਿਵਰੀ ਬੁਆਏ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕੇਸ਼ਵ ਸ਼ਰਮਾ (20) ਪੁੱਤਰ ਜਗਦੀਪ ਕੁਮਾਰ ਵਾਸੀ ਸੈਦਾ ਪੱਤੀ ਧਨੌਲਾ, ਜ਼ਿਲਾ ਬਰਨਾਲਾ ਹਾਲ ਵਾਸੀ ਸਿਟੀ ਖਰੜ ਜੋ ਜ਼ੋਮੈਟੋ ਕੰਪਨੀ ਖਰੜ ਵਿਖੇ ਹੋਮਜ਼ ਡਲਿਵਰੀ ਦਾ ਕੰਮ ਕਰਦਾ ਸੀ। ਜਦ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਖਰੜ ਤੋਂ ਮੋਹਾਲੀ ਸਾਈਡ 'ਤੇ ਜਾ ਰਿਹਾ ਸੀ ਤਾਂ ਇਕ ਹਾਡਰਾ ਕਰੇਨ ਦੇ ਆਪਰੇਟਰ ਨੇ ਇਕਦਮ ਬਿਨਾਂ ਇਸ਼ਾਰਾ ਦਿੱਤੇ ਲਾਪਰਵਾਹੀ ਨਾਲ ਹਾਡਰਾ ਕਰੇਨ ਨੂੰ ਮੋੜ ਦਿੱਤਾ ਤੇ ਮੋਟਰਸਾਈਕਲ 'ਤੇ ਚੜਾ ਦਿੱਤੀ ਤੇ ਮੋਟਰਸਾਈਕਲ ਸਵਾਰ ਗੰਭੀਰ ਫੱਟੜ ਹੋ ਗਿਆ। ਰਾਹਗੀਰ ਉਸ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫੇਜ਼-6 ਮੋਹਾਲੀ ਲੈ ਕੇ ਆਏ, ਜਿੱਥੇ ਕਿ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜ਼ੋਮੈਟੋ ਡਲਿਵਰੀ ਬੁਆਏਜ਼ ਨੇ ਲਾਇਆ ਧਰਨਾ, ਕੀਤਾ ਚੱਕਾ ਜਾਮ
ਰੋਸ 'ਚ ਆਏ ਜ਼ੋਮੈਟੋ ਡਲਿਵਰੀ ਬੁਆਏਜ਼ ਨੇ ਆਪਣੀਆਂ ਡਲਿਵਰੀ ਆਈ. ਡੀਜ਼ ਬੰਦ ਕਰ ਕੇ ਇਕ ਦਿਨਾ ਹੜਤਾਲ ਕੀਤੀ ਤੇ ਰੋਸ ਧਰਨਾ ਦੇ ਕੇ ਸੰਨੀ ਇਨਕਲੇਵ ਨਿੱਝਰ ਚੌਕ ਨੇੜੇ ਧਰਨਾ ਲਾਇਆ। ਇਸ ਮੌਕੇ ਧਰਨਾਕਾਰੀਆਂ ਦੀ ਮੰਗ ਸੀ ਕਿ ਤੁਰੰਤ ਕਰੇਨ ਆਪਰੇਟਰ 'ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।
ਕੀ ਕਹਿਣਾ ਹੈ ਸੰਨੀ ਇਨਕਲੇਵ ਚੌਕੀ ਇੰਚਾਰਜ ਦਾ
ਇਸ ਸਬੰਧੀ ਸੰਪਰਕ ਕਰਨ 'ਤੇ ਸੰਨੀ ਇਨਕਲੇਵ ਪੁਲਸ ਚੌਕੀ ਸੈਕਟਰ-125 ਦੇ ਇੰਚਾਰਜ ਐੱਸ. ਆਈ. ਨਿਧਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਕਰੇਨ ਆਪਰੇਟਰ ਬਲਦੇਵ ਸਿੰਘ ਖਿਲਾਫ ਧਾਰਾ 304ਏ, 279 ਅਧੀਨ ਮਾਮਲਾ ਦਰਜ ਕਰ ਕੇ ਡਰਾਈਵਰ ਨੂੰ ਕਰੇਨ ਸਮੇਤ ਗ੍ਰਿਫਤਾਰ ਕਰ ਲਿਆ ਹੈ।