ਜੀ. ਐੱਸ. ਟੀ. ਬਿੱਲ ''ਚ ਹੋਰ ਤਬਦੀਲੀਆਂ ਦੀ ਲੋੜ : ਜੈਨ
Monday, Dec 04, 2017 - 01:48 PM (IST)
ਜ਼ੀਰਾ (ਅਕਾਲੀਆਂ ਵਾਲਾ) - ਜ਼ੀਰਾ ਦੀ ਕੱਪੜਾ ਯੂਨੀਅਨ ਦੇ ਪ੍ਰਧਾਨ ਕੁਲਭੂਸ਼ਨ ਜੈਨ ਦੀ ਪ੍ਰਧਾਨਗੀ ਹੇਠ ਸਮੂਹ ਦੁਕਨਦਾਰਾਂ ਦੀ ਹੋਈ ਇਕੱਤਰਤਾ ਦੌਰਾਨ ਕੇਂਦਰ ਸਰਕਾਰ ਵੱਲੋਂ ਲਾਏ ਗਏ ਜੀ. ਐੱਸ. ਟੀ. 'ਤੇ ਚਰਚਾ ਕੀਤੀ ਗਈ। ਇਸ ਨੂੰ ਦੁਕਾਨਦਾਰਾਂ ਦੇ ਲਈ ਘਾਤਕ ਦੱਸਦਿਆਂ ਪ੍ਰਧਾਨ ਜੈਨ ਨੇ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਜੀ. ਐੱਸ. ਟੀ. ਵਿਚ ਪਿਛਲੇ ਦਿਨਾਂ ਦੌਰਾਨ ਭਾਵੇਂ ਕਈ ਤਬਦੀਲੀਆਂ ਕੀਤੀਆਂ ਗਈਆਂ ਸਨ ਪਰ ਇਨ੍ਹਾਂ ਤਬਦੀਲੀਆਂ ਤੋਂ ਬਾਅਦ ਬਾਜ਼ਾਰ ਦੇ ਕਾਰੋਬਾਰ 'ਤੇ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲਿਆ। ਮੰਦਹਾਲੀ ਦਾ ਦੌਰ ਅਜੇ ਵੀ ਬਰਕਰਾਰ ਹੈ।
ਅੱਜ ਤੱਕ ਕੱਪੜੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਸੀ ਪਰ ਮੋਦੀ ਸਰਕਾਰ ਨੇ ਟੈਕਸ ਲਗਾ ਕੇ ਮੱਧ ਵਰਗੀ ਦੁਕਨਦਾਰਾਂ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ। ਕੰਪੋਜ਼ੀਸ਼ਨ ਸਕੀਮ ਅਧੀਨ 50 ਲੱਖ ਦੀ ਸੇਲ ਤੱਕ ਦੁਕਾਨਦਾਰਾਂ ਨੂੰ ਮੁਆਫੀ ਦਿੱਤੀ ਜਾਵੇ। ਕਿਉਂਕਿ ਅਜਿਹਾ ਹੋਣ ਨਾਲ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਛੋਟੇ ਕਾਰੋਬਾਰ ਵੀ ਪ੍ਰਭਾਵਿਤ ਨਹੀਂ ਹੋਣਗੇ। ਇਸ ਮੌਕੇ ਐੱਸ. ਕੇ. ਸ਼ਰਮਾ ਮੀਤ ਪ੍ਰਧਾਨ, ਜਗਦੀਸ਼ ਛਾਬੜਾ ਚੇਅਰਮੈਨ, ਪ੍ਰਿੰਸ ਗਾਬਾ ਆਦਿ ਹਾਜ਼ਰ ਸਨ।
