ਜ਼ੀਰੋ ਵਿਜ਼ੀਬਿਲਟੀ : ਸੰਘਣੀ ਧੁੰਦ ਨੇ ਢਾਹਿਆ ਦੂਜੇ ਦਿਨ ਵੀ ਕਹਿਰ

Wednesday, Jan 03, 2018 - 06:20 AM (IST)

ਜ਼ੀਰੋ ਵਿਜ਼ੀਬਿਲਟੀ : ਸੰਘਣੀ ਧੁੰਦ ਨੇ ਢਾਹਿਆ ਦੂਜੇ ਦਿਨ ਵੀ ਕਹਿਰ

ਸੁਲਤਾਨਪੁਰ ਲੋਧੀ, (ਧੀਰ)- ਨਵੇਂ ਸਾਲ ਦੇ ਲਗਾਤਾਰ ਦੂਸਰੇ ਦਿਨ ਵੀ ਅੱਜ ਪਈ ਸੰਘਣੀ ਧੁੰਦ ਤੇ ਕੋਹਰੇ ਨੇ ਸਾਰਾ ਜਨ ਜੀਵਨ ਹੀ ਪਟੜੀ ਤੋਂ ਲਾਹ ਦਿੱਤਾ। ਸੰਘਣੀ ਧੁੰਦ ਕਾਰਨ ਜ਼ੀਰੋ ਵਿਜ਼ੀਬਿਲਟੀ 'ਤੇ ਕੁੱਝ ਵੀ ਬਾਹਰ ਨਹੀਂ ਦਿਖਾਈ ਦੇ ਰਿਹਾ ਸੀ, ਜਿਸ ਕਾਰਨ ਲੋਕ ਘਰਾਂ 'ਚ ਰਹਿਣ ਨੂੰ ਮਜਬੂਰ ਹੋ ਗਏ। ਪੂਰਾ ਦਿਨ ਸੂਰਜ ਦੇਵਤਾ ਦੇ ਦਰਸ਼ਨ ਨਾ ਹੋਣ ਕਾਰਨ ਸ਼ਾਮ ਹੁੰਦੇ ਹੀ ਫਿਰ ਸੰਘਣੀ ਧੁੰਦ ਨੇ ਪੂਰੇ ਸ਼ਹਿਰ ਨੂੰ ਆਪਣੀ ਲਪੇਟ 'ਚ ਲੈ ਲਿਆ। ਸ਼ਹਿਰ ਦੇ ਅੰਦਰੂਨੀ ਹਿੱਸਿਆਂ 'ਚ ਵੀ ਧੁੰਦ ਦਾ ਪ੍ਰਕੋਪ ਪੂਰਾ ਦਿਖਾਈ ਦੇ ਰਿਹਾ ਹੈ। ਸੰਘਣੀ ਧੁੰਦ ਤੇ ਠੰਡੀਆਂ ਹਵਾਵਾਂ ਨੇ ਜਿਥੇ ਪਹਿਲੀ ਵਾਰ ਸਹੀ ਢੰਗ ਨਾਲ ਲੋਕਾਂ ਨੂੰ ਠੰਡ ਦੇ ਮੌਸਮ ਦਾ ਅਹਿਸਾਸ ਕਰਵਾਇਆ, ਉਥੇ ਹੀ ਤਾਪਮਾਨ 'ਚ ਵੀ ਹੋਰ ਗਿਰਾਵਟ ਲਿਆ ਦਿੱਤੀ। ਸੜਕਾਂ 'ਤੇ ਵਾਹਨ ਲਾਈਟਾਂ ਜਗਾ ਕੇ ਜਾ ਰਹੇ ਸਨ ਤਾਂ ਰੇਲ ਆਵਾਜਾਈ ਨੂੰ ਵੀ ਧੁੰਦ ਨੇ ਬਹੁਤ ਪ੍ਰਭਾਵਿਤ ਕੀਤਾ। ਇਕ ਹਫਤੇ ਬਾਅਦ ਖੁੱਲ੍ਹੇ ਸਕੂਲਾਂ 'ਚ ਬੱਚਿਆਂ ਨੂੰ ਸਕੂਲ ਪਹੁੰਚਣ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕ ਸਾਰਾ ਦਿਨ ਧੂਣੀ ਸੇਕਦੇ ਨਜ਼ਰ ਆਏ। 
ਫਗਵਾੜਾ ( ਜਲੋਟਾ)-ਫਗਵਾੜਾ ਅਤੇ ਨੇੜਲੇ ਇਲਾਕਿਆਂ ਵਿਚ ਕਈ ਦਿਨਾਂ ਤੋਂ ਅਚਾਨਕ ਆਪਣੇ ਰੰਗ ਵਿਚ ਆਈ ਠੰਡ ਅਤੇ ਸੰਘਣੀ ਧੁੰਦ ਨੇ ਲੋਕਾਂ ਦੀ ਜ਼ਿੰਦਗੀ ਨੂੰ ਠਹਿਰਾਅ ਕੇ ਰੱਖ ਦਿੱਤਾ ਹੈ। ਅੱਜ ਵੀ ਸਵੇਰੇ ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। 
ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਬੀਤੇ ਦਿਨਾਂ ਵਿਚ ਕਈ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਓਵਰ ਲੋਡ ਵਾਹਨ ਚਾਲਕਾਂ 'ਤੇ ਨਕੇਲ ਕੱਸੀ ਜਾਵੇ ਤਾਂ ਜੋ ਹਾਦਸਿਆਂ ਦੀ ਸੰਭਾਵਨਾ ਨੂੰ ਘੱਟ ਕੀਤਾ ਜਾ ਸਕੇ। ਸੰਘਣੀ ਧੁੰਦ ਨਾਲ ਜਿੱਥੇ ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ ਅਤੇ ਮੁਸਾਫਰਾਂ ਨੂੰ ਸਟੇਸ਼ਨਾਂ 'ਤੇ ਗੱਡੀਆਂ ਦੇ ਸਹੀ ਸਮੇਂ ਦੀ ਜਾਣਕਾਰੀ ਨਾ ਹੋਣ ਕਾਰਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਉਥੇ ਹੀ ਸਬਜ਼ੀਆਂ ਦੇ ਖਰਾਬ ਹੋਣ ਦੇ ਖਦਸ਼ੇ ਨੇ ਕਾਸ਼ਤਕਾਰਾਂ ਨੂੰ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਸੁੱਚਾ ਸਿੰਘ ਨੇ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਣੀ ਧੁੰਦ ਵਿਚ ਯਾਤਰਾ ਕਰਨ ਤੋਂ ਪਰਹੇਜ਼ ਕਰਨ ਅਤੇ ਜੇਕਰ ਜ਼ਰੂਰੀ ਹੋਵੇ ਤਾਂ ਇੰਡੀਕੇਟਰ ਅਤੇ ਪੀਲੀ ਲਾਈਟ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਦੱਸਿਆ ਕਿ ਓਵਰ ਲੋਡ ਵਾਹਨਾਂ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।


Related News