ਕਪੂਰਥਲਾ ਥਾਣਾ ਸਿਟੀ ਕੰਪਲੈਕਸ 'ਚ ਨੌਜਵਾਨ ਨੇ ਖ਼ੁਦ ਨੂੰ ਲਗਾਈ ਅੱਗ, ਅੰਮ੍ਰਿਤਸਰ ਰੈਫਰ
Friday, Apr 15, 2022 - 06:01 PM (IST)

ਕਪੂਰਥਲਾ (ਭੂਸ਼ਣ/ਮਹਾਜਨ/ਮਲਹੋਤਰਾ)- ਥਾਣਾ ਸਿਟੀ ਕਪੂਰਥਲਾ ਦੇ ਕੰਪਲੈਕਸ ‘ਚ ਵੀਰਵਾਰ ਦੀ ਸ਼ਾਮ ਇਕ ਨੌਜਵਾਨ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਰ ਰਵੀ ਗਿੱਲ ਅਤੇ ਉਸ ਦੀ ਪਤਨੀ ਨੇ ਪੁਲਸ ਨੂੰ ਇਕ ਸ਼ਿਕਾਇਤ ਪੱਤਰ ਦੇ ਕੇ ਸ਼ਹਿਰ ‘ਚ ਇਕ ਬੀਬੀ ਵੱਲੋਂ ਗਲਤ ਕੰਮ ਕਰਵਾਉਣ ਦੇ ਇਲਜ਼ਾਮ ਲਗਾਏ ਸਨ। ਜਿਸ ਦੇ ਬਾਅਦ ਪੁਲਸ ਨੇ ਮਾਮਲਾ ਵੀ ਦਰਜ ਕਰ ਲਿਆ ਸੀ ਪਰ ਮੁਲਜ਼ਮਾਂ ਦੇ ਗ੍ਰਿਫ਼ਤਾਰ ਨਾ ਹੋਣ ਕਾਰਨ ਰਵੀ ਗਿੱਲ ਕਾਫ਼ੀ ਪਰੇਸ਼ਾਨ ਸੀ।
ਉਸ ਦਾ ਇਲਜ਼ਾਮ ਸੀ ਕਿ ਮਾਮਲਾ ਦਰਜ ਹੋਣ ਦੇ ਬਾਵਜੂਦ ਵੀ ਉਕਤ ਮਹਿਲਾ ਅਤੇ ਉਸ ਦੇ ਸਾਥੀ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਜਿਸ ਦੌਰਾਨ ਵੀਰਵਾਰ ਦੀ ਸ਼ਾਮ ਥਾਣਾ ਸਿਟੀ ਪਹੁੰਚੇ ਰਵੀ ਗਿੱਲ ਨੇ ਆਪਣੇ ਉੱਪਰ ਜਵਲਨਸ਼ੀਲ ਪਦਾਰਥ ਪਾ ਕੇ ਖ਼ੁਦ ਨੂੰ ਅੱਗ ਲਗਾ ਲਈ। ਜਿਸ ਨੂੰ ਮੌਕੇ ‘ਤੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਸਿਵਲ ਹਸਪਤਾਲ ਪਹੁੰਚਾਇਆ। ਨੌਜਵਾਨ 90 ਫੀਸਦੀ ਤੱਕ ਝੁਲਸ ਚੁੱਕਾ ਸੀ ਅਤੇ ਡਾਕਟਰਾਂ ਦੇ ਮੁਤਾਬਕ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੀ ਸੀ ਦਿੱਲੀ ਦੇ ਮੈਟਰੋ ਸਟੇਸ਼ਨ ਤੋਂ ਛਾਲ ਮਾਰਨ ਵਾਲੀ ਕੁੜੀ, ਹੋਈ ਮੌਤ, ਸਾਹਮਣੇ ਆਈ ਇਹ ਗੱਲ
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਬ ਡਿਵੀਜ਼ਨ ਸੁਰਿੰਦਰ ਸਿੰਘ ਅਤੇ ਐੱਸ. ਐੱਚ. ਓ. ਸਿਟੀ ਇੰਸਪੈਕਟਰ ਤਲਵਿੰਦਰ ਕੁਮਾਰ ਮੌਕੇ ‘ਤੇ ਪਹੁੰਚੇ। ਜਿਸ ਦੌਰਾਨ ਰੋਸ ‘ਚ ਆਏ ਉਕਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਤੋਂ ਤੁਰੰਤ ਮੁਲਜਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਜਿਸ ਦੌਰਾਨ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ ‘ਤੇ ਕਾਫ਼ੀ ਸਮੇਂ ਤੱਕ ਟ੍ਰੈਫਿਕ ਜਾਮ ਵੀ ਲੱਗਾ ਰਿਹਾ। ਦੱਸਿਆ ਜਾਂਦਾ ਹੈ ਕਿ ਉਕਤ ਨੌਜਵਾਨ ਨੇ ਕੁਝ ਦਿਨ ਪਹਿਲਾਂ ਵੀ ਥਾਣਾ ਸਿਟੀ ਕੰਪਲੈਕਸ ‘ਚ ਜ਼ਹਿਰੀਲਾ ਪਦਾਰਥ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਸਬੰਧ ‘ਚ ਜਦੋਂ ਐੱਸ. ਐੱਸ. ਪੀ. ਕਪੂਰਥਲਾ ਦਯਾਮਾ ਹਰੀਸ਼ ਓਮਪ੍ਰਕਾਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ। ਜਾਂਚ ਦੇ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ‘ਆਪ’ ਦੀ 300 ਯੂਨਿਟ ਬਿਜਲੀ ਫ੍ਰੀ ਯੋਜਨਾ ਨਾਲ ਸਰਕਾਰ 'ਤੇ ਪਵੇਗਾ 5 ਹਜ਼ਾਰ ਕਰੋੜ ਦਾ ਵਾਧੂ ਬੋਝ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ