ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪਿਓ ਦੇ ਬਿਆਨ ਨੇ ਨੂੰਹ 'ਤੇ ਲਿਆਂਦੀ ਸ਼ੱਕ ਦੀ ਸੂਈ

06/11/2020 1:35:14 PM

ਫ਼ਿਰੋਜ਼ਪੁਰ (ਮਲਹੋਤਰਾ): ਪਿੰਡ ਪੀਰ ਕੇ ਖਾਨਗੜ੍ਹ ਵਿਚ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਨੇ ਆਪਣੀ ਨੂੰਹ ਦੇ ਨਾਜਾਇਜ਼ ਸਬੰਧਾਂ ਕਾਰਣ ਉਸਦੇ ਪੁੱਤਰ ਦਾ ਕਤਲ ਕਰਵਾਉਣ ਦੇ ਦੋਸ਼ ਲਾਉਂਦਿਆਂ ਹੋਇਆਂ ਉਸ ਦੇ ਖ਼ਿਲਾਫ਼ ਪਰਚਾ ਦਰਜ ਕਰਵਾਇਆ ਹੈ। ਪੁਲਸ ਨੇ ਬਿਆਨਾਂ ਦੇ ਆਧਾਰ 'ਤੇ ਤਿੰਨ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਨੇ ਮਚਾਈ ਤੜਥੱਲੀ, 13 ਨਵੇਂ ਮਾਮਲੇ ਆਏ ਸਾਹਮਣੇ

ਕੀ ਹੈ ਮਾਮਲਾ
ਨਿਸ਼ਾਨ ਸਿੰਘ ਵਾਸੀ ਪਿੰਡ ਪੀਰ ਕੇ ਖਾਨਗੜ੍ਹ ਨੇ ਪੁਲਸ ਨੂੰ ਬਿਆਨ ਦੇ ਦੱਸਿਆ ਕਿ ਉਸਦੇ ਲੜਕੇ ਹਰਪ੍ਰੀਤ ਸਿੰਘ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਹਰਮੀਤ ਕੌਰ ਵਾਸੀ ਫ਼ਿਰੋਜ਼ਪੁਰ ਸ਼ਹਿਰ ਦੇ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸਦਾ ਮੁੰਡਾ ਗਲਤ ਸੰਗਤ 'ਚ ਪੈ ਗਿਆ ਅਤੇ ਗੁਰਵਿੰਦਰ ਸਿੰਘ ਪਿੰਡ ਨਵਾਂ ਕਿਲਾ ਅਤੇ ਗੋਰਾ ਉਰਫ ਗੌਰੀ ਪਿੰਡ ਝੋਕ ਮੋਹੜੇ ਦੇ ਨਾਲ ਉੱਠਣ-ਬੈਠਣ ਲੱਗਾ ਅਤੇ ਇਹ ਦੋਵੇਂ ਅਕਸਰ ਉਨ੍ਹਾਂ ਦੇ ਘਰ ਆਉਣ-ਜਾਣ ਲੱਗੇ। ਉਸ ਨੇ ਦੋਸ਼ ਲਾਏ ਕਿ ਗੁਰਵਿੰਦਰ ਅਤੇ ਗੋਰਾ ਦੇ ਉਸਦੀ ਨੂੰਹ ਹਰਮੀਤ ਕੌਰ ਦੇ ਨਾਲ ਨਾਜਾਇਜ਼ ਸਬੰਧ ਬਣਨੇ ਸ਼ੁਰੂ ਹੋ ਗਏ, ਜਿਸਦਾ ਪਤਾ ਚੱਲਣ 'ਤੇ ਹਰਪ੍ਰੀਤ ਸਿੰਘ ਆਪਣੀ ਪਤਨੀ ਨਾਲ ਝਗੜਨ ਲੱਗ ਪਿਆ ਸੀ। ਉਸ ਨੇ ਦੱਸਿਆ ਕਿ 15 ਮਈ ਨੂੰ ਤੜਕੇ 3 ਵਜੇ ਉਕਤ ਦੋਵੇਂ ਸਵਿਫਟ ਕਾਰ ਲੈ ਕੇ ਉਨ੍ਹਾਂ ਦੇ ਘਰ ਆਏ ਅਤੇ ਉਸਦੇ ਲੜਕੇ ਹਰਪ੍ਰੀਤ ਸਿੰਘ ਅਤੇ ਨੂੰਹ ਹਰਮੀਤ ਕੌਰ ਨੂੰ ਐਕਟਿਵਾ 'ਤੇ ਬਿਠਾ ਕੇ ਆਪਣੇ ਨਾਲ ਲੈ ਕੇ ਚਲੇ ਗਏ।

ਇਹ ਵੀ ਪੜ੍ਹੋ: ਮੋਗਾ 'ਚ ਕੋਰੋਨਾ ਦੇ 2 ਨਵੇਂ ਮਾਮਲਿਆਂ ਦੀ ਪੁਸ਼ਟੀ

ਨੂੰਹ ਨੇ ਫੋਨ ਕਰ ਕੇ ਐਕਸੀਡੈਂਟ ਹੋਣ ਬਾਰੇ ਦੱਸਿਆ
ਸ਼ਿਕਾਇਤਕਰਤਾ ਅਨੁਸਾਰ ਕਰੀਬ ਅੱਧੇ ਘੰਟੇ ਬਾਅਦ ਹਰਮੀਤ ਕੌਰ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਐਕਸੀਡੈਂਟ ਹੋ ਗਿਆ ਹੈ। ਉਹ ਤੁਰੰਤ ਉਥੇ ਪੁੱਜੇ ਅਤੇ ਹਰਪ੍ਰੀਤ ਸਿੰਘ ਨੂੰ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਨ੍ਹਾਂ ਦੀ ਨੂੰਹ ਨੇ ਹਰਪ੍ਰੀਤ ਸਿੰਘ ਦੇ ਐਕਸੀਡੈਂਟ ਦੀ ਨਾ ਤਾਂ ਪੁਲਸ ਨੂੰ ਸੂਚਨਾ ਦਿੱਤੀ ਅਤੇ ਨਾ ਹੀ ਉਸਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦਿੱਤਾ, ਜਿਸ ਨਾਲ ਉਨ੍ਹਾਂ ਦਾ ਸ਼ੱਕ ਪੱਕਾ ਹੋ ਗਿਆ ਕਿ ਉਨ੍ਹਾਂ ਦੀ ਨੂੰਹ ਨੇ ਆਪਣੇ ਆਸ਼ਿਕਾਂ ਨਾਲ ਮਿਲ ਕੇ ਉਨ੍ਹਾਂ ਦੇ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।

ਪਰਚਾ ਦਰਜ ਕਰ ਕੇ ਕੀਤੀ ਜਾ ਰਹੀ ਹੈ ਜਾਂਚ
ਥਾਣਾ ਲੱਖੋਕੇ ਬਹਿਰਾਮ ਦੇ ਐੱਸ. ਆਈ. ਗੁਰਤੇਜ ਸਿੰਘ ਅਨੁਸਾਰ ਬਿਆਨਾਂ ਦੇ ਆਧਾਰ 'ਤੇ ਹਰਮੀਤ ਕੌਰ, ਗੁਰਵਿੰਦਰ ਸਿੰਘ ਅਤੇ ਗੋਰਾ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।


Shyna

Content Editor

Related News