ਸਮਰਾਲਾ ''ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪੁਲਸ ਵੱਲੋਂ ਮਾਮਲੇ ਦੀ ਛਾਣਬੀਣ ਜਾਰੀ
Monday, Feb 21, 2022 - 10:15 AM (IST)
 
            
            ਸਮਰਾਲਾ (ਗਰਗ, ਬੰਗੜ) : ਵਿਧਾਨ ਸਭਾ ਚੋਣਾਂ ਤੋਂ ਇਕ ਰਾਤ ਪਹਿਲਾਂ ਸਮਰਾਲਾ ਹਲਕੇ ’ਚ ਕਥਿਤ ਤੌਰ ’ਤੇ ਸਿਆਸੀ ਰਜਿੰਸ਼ ਨੂੰ ਲੈ ਕੇ 19 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਇੱਕ ਹੋਰ ਨੌਜਵਾਨ ਜਿਹੜਾ ਕਿ ਜ਼ਖਮੀ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਹਿਰ ਦੇ ਚਾਵਾ ਰੋਡ ’ਤੇ ਵਾਪਰੀ ਹੈ, ਜਿੱਥੇ ਇਨੋਵਾ ਗੱਡੀ ’ਚ ਸਵਾਰ ਕੁੱਝ ਨੌਜਵਾਨਾਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਦੌਰਾਨ ਸਮਰਾਲਾ ਦੇ ਹੀ ਰਹਿਣ ਵਾਲੇ 19 ਸਾਲ ਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ਼ ਲਵ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਪੋਲਿੰਗ ਬੂਥਾਂ 'ਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ, 21 ਫਰਵਰੀ ਨੂੰ ਛੁੱਟੀ ਦਾ ਐਲਾਨ
ਘਟਨਾ ਦੇ ਇਕ ਚਸ਼ਮਦੀਦ ਨੇ ਵੋਟਾਂ ਪੈਣ ਤੋਂ ਇਕ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੂੰ ਰਾਜਸੀ ਰੰਜਿਸ਼ ਦੱਸਿਆ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ’ਤੇ ਪਪੜੌਦੀ ਰੋਡ 'ਤੇ ਜਾ ਰਿਹਾ ਸੀ, ਪਰ ਇਕ ਗੱਡੀ ਵੱਲੋਂ ਪਿੱਛਾ ਕਰਨ 'ਤੇ ਉਹ ਅਨਾਜ ਮੰਡੀ ਰਾਹੀਂ ਚਾਵਾ ਰੋਡ ਵੱਲ ਲੰਘ ਗਏ ਪਰ ਪਿੱਛਾ ਕਰ ਰਹੀ ਇਨੋਵਾ ਗੱਡੀ ਨੇ ਇਨ੍ਹਾਂ ਨੂੰ ਪਿੱਛੇ ਤੋਂ ਫੇਟ ਮਾਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਵੋਟਾਂ ਪੈਣ ਦੌਰਾਨ ਡੇਰਾ ਸੱਚਾ ਸੌਦਾ ਬਾਰੇ CM ਚੰਨੀ ਦਾ ਵੱਡਾ ਬਿਆਨ ਆਇਆ ਸਾਹਮਣੇ (ਵੀਡੀਓ)
ਓਧਰ ਐੱਸ. ਐੱਸ. ਪੀ. ਖੰਨਾ ਜੇ. ਇਲਨਚੇਲੀਅਨ ਨੇ ਦੱਸਿਆ ਕਿ ਮ੍ਰਿਤਕ ਲਵਪ੍ਰੀਤ ਸਿੰਘ (19) ਵਾਸੀ ਸਮਰਾਲਾ ਦੀ ਕਥਿਤ ਦੋਸ਼ੀਆਂ ਨਾਲ ਪੁਰਾਣੀ ਰੰਜਿਸ਼ ਸੀ। ਉਨ੍ਹਾਂ ਕਿਹਾ ਕਿ ਪੁਲਸ ਨੇ ਜਖ਼ਮੀ ਹਰਵਿੰਦਰ ਸਿੰਘ ਦੇ ਬਿਆਨਾਂ 'ਤੇ ਧਾਰਾ 302, 307,427 ਅਤੇ 34 ਅਧੀਨ ਕਥਿਤ ਦੋਸ਼ੀ ਪਰਵੇਜ਼ ਖ਼ਾਨ, ਤਿਵਾੜੀ ਅਤੇ ਇੱਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਪੜਤਾਲ ਚੱਲ ਰਹੀ ਹੈ ਅਤੇ ਸਾਰੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            