ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤੀ ਨਾਬਾਲਗ ਕੁੜੀ, ਮਾਮਲਾ ਦਰਜ

07/20/2017 4:23:44 PM

ਮੋਗਾ (ਆਜਾਦ) : ਮੋਗਾ ਜ਼ਿਲੇ ਦੇ ਪਿੰਡ ਦੀ ਇਕ 16 ਸਾਲਾਂ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਦੇ ਕਥਿਤ ਪ੍ਰੇਮੀ ਵੱਲੋਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਮਿਲੀ-ਭੁਗਤ ਨਾਲ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਧਰਮਕੋਟ ਪੁਲਸ ਵੱਲੋਂ ਲੜਕੀ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਲੜਕੇ ਗੁਰਮੀਤ ਸਿੰਘ, ਉਸਦੇ ਭਰਾ ਕੁਲਦੀਪ ਸਿੰਘ ਅਤੇ ਪਿਤਾ ਸੱਜਣ ਸਿੰਘ ਨਿਵਾਸੀ ਪਿੰਡ ਰਸੂਲਪੁਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨੇ ਕਿਹਾ ਕਿ ਉਸ ਦੀ ਲੜਕੀ 19 ਜੁਲਾਈ ਨੂੰ ਸਵੇਰੇ 5 ਵਜੇ ਰੋਜ਼ਾਨਾਂ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀ, ਵਾਪਸ ਘਰ ਨਾ ਆਈ ਤਾਂ ਅਸੀਂ ਉਸ ਦੀ ਤਲਾਸ਼ ਕੀਤੀ, ਪਰ ਸਾਨੂੰ ਕੋਈ ਪਤਾ ਨਹੀਂ ਲੱਗਿਆ। ਸਾਨੂੰ ਸ਼ੱਕ ਹੈ ਕਿ ਦੋਸ਼ੀ ਗੁਰਮੀਤ ਸਿੰਘ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲੀ-ਭੁਗਤ ਕਰਕੇ ਮੇਰੀ ਬੇਟੀ ਨੂੰ ਅਗਵਾ ਕਰਕੇ ਲੈ ਗਿਆ ਹੈ। ਉਸ ਨੇ ਇਹ ਵੀ ਕਿਹਾ ਕਿ ਪਹਿਲਾਂ ਵੀ ਕਈ ਵਾਰ ਅਸੀਂ ਦੋਸ਼ੀਆ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਸਾਡੀ ਕੋਈ ਗੱਲ ਨਹੀਂ ਸੁਣੀ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਲੜਕੀ ਅਤੇ ਲੜਕੇ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ।
 


Related News