ਬਲਟਾਣਾ ''ਚ ਅਕਾਲੀ ਦਲ ਨੂੰ ਝਟਕਾ, ਵੱਡੀ ਗਿਣਤੀ ''ਚ ਨੌਜਵਾਨਾਂ-ਬੀਬੀਆਂ ਨੇ ਫੜ੍ਹਿਆ ਕਾਂਗਰਸ ਦਾ ਹੱਥ
Sunday, Nov 01, 2020 - 03:41 PM (IST)
ਜ਼ੀਰਕਪੁਰ (ਮੇਸ਼ੀ) : ਬਲਟਾਣਾ ਵਿਖੇ ਜ਼ੀਰਕਪੁਰ ਨਗਰ ਕੌਂਸਲ ਦੇ ਵਾਰਡ ਨੰਬਰ-5 ਤੋਂ ਕਾਂਗਰਸ ਦੀ ਸੇਵਾਦਾਰ ਨੇਹਾ ਸ਼ਰਮਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ 60 ਦੇ ਕਰੀਬ ਨੌਜਵਾਨਾਂ ਤੇ ਬੀਬੀਆਂ ਨੇ ਕਾਂਗਰਸ ਦਾ ਹੱਥ ਫੜ੍ਹਿਆ। ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਅਤੇ ਯੂਥ ਸੂਬਾ ਜਨਰਲ ਸਕੱਤਰ ਉਦੈਵੀਰ ਸਿੰਘ ਢਿੱਲੋਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਦੇ ਸਮਾਗਮ 'ਚ 100 ਦੇ ਕਰੀਬ ਨੌਜਵਾਨਾਂ ਵਲੋਂ ਹਿੱਸਾ ਲਿਆ ਗਿਆ।
ਇਸ ਮੌਕੇ ਉਦੈਵੀਰ ਸਿੰਘ ਢਿੱਲੋਂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਇਲਾਕੇ 'ਚੋਂ ਖ਼ਤਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਨੌਜਵਾਨ ਅਕਾਲੀ ਵਰਕਰ ਮਾਯੂਸ ਦਿਖਾਈ ਦੇ ਰਹੇ ਹਨ ਕਿਉਂਕਿ ਹਲਕਾ ਵਿਧਾਇਕ ਐਨ. ਕੇ. ਸ਼ਰਮਾ ਵੱਲੋਂ ਨੌਜਵਾਨ ਪੀੜ੍ਹੀ ਨੂੰ ਕੋਈ ਵੀ ਸਹੂਲਤ ਦੇਣ ਦਾ ਉਪਰਾਲਾ ਨਹੀ ਕੀਤਾ ਗਿਆ। ਪਿਛਲੇ 10 ਸਾਲਾਂ 'ਚ ਚੋਣਾਂ ਦੌਰਾਨ ਅਕਾਲੀ ਦਲ ਨੇ ਨੌਜਵਾਨਾਂ ਨੂੰ ਸਿਰਫ ਵਰਤਿਆ ਹੀ ਹੈ, ਜਿਸ ਕਰਕੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਨਹੀ ਉਤਰੇ। ਉਨ੍ਹਾਂ ਦੱਸਿਆ ਕਿ ਅੱਜ 35 ਦੇ ਕਰੀਬ ਨੌਜਵਾਨ ਅਤੇ 15 ਦੇ ਕਰੀਬ ਬੀਬੀਆਂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਈਆਂ।
ਢਿੱਲੋਂ ਨੇ ਅੱਗੇ ਕਿਹਾ ਕਿ ਪਾਰਟੀ 'ਚ ਸ਼ਾਮਲ ਹੋਏ ਨੌਜਵਾਨਾਂ ਅਤੇ ਬੀਬੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸੇ ਦੌਰਾਨ ਨੇਹਾ ਸ਼ਰਮਾ ਨੇ ਕਿਹਾ ਕਿ ਯੂਥ ਕਾਂਗਰਸ ਕਮੇਟੀ ਨਾਲ ਸੈਂਕੜਿਆਂ ਦੇ ਕਰੀਬ ਨੌਜਵਾਨਾਂ ਨੂੰ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜਵੀਰ ਰਾਣਾ, ਹੈਪੀ ਕੌਸ਼ਲ, ਮੋਨੂੰ, ਰੌਣਕ ਅਰੋੜਾ, ਜਤਿਨ ਮਲਹੋਤਰਾ, ਰੋਹਿਤ ਠਾਕੁਰ, ਨਰੇਸ਼ ਪਾਂਡੇ, ਨਰਿੰਦਰ ਨੇਗੀ, ਕਰਨ, ਅੰਕਿਤ ਜੈਨ, ਹੈਪੀ ਪੰਡਿਤ, ਆਦਿੱਤਿਆ ਗੁਪਤਾ ਆਦਿ ਨੌਜਵਾਨ ਅੱਜ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਸੰਸਥਾ ਵੱਲੋਂ ਵੀ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕੀਤੀ ਗਈ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬੁੱਧ ਰਾਮ ਧੀਮਾਨ, ਮਨੀ ਸ਼ਰਮਾ, ਨਾਰੀ ਸ਼ਕਤੀ ਸੰਸਥਾ ਤੋਂ ਮਮਤਾ ਰਾਣਾ, ਅੰਜਲੀ ਖੁਰਾਣਾ ਤੇ ਅਨੀਤਾ ਆਦਿ ਹਾਜ਼ਰ ਸਨ।