‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

Friday, Mar 25, 2022 - 04:27 PM (IST)

‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਮੋਹਾਲੀ (ਪਰਦੀਪ) : ਪੰਜਾਬ ’ਚ ਸਿਆਸੀ ਤੌਰ ’ਤੇ ਚੱਲੀ ‘ਆਪ’ ਦੀ ਹਨੇਰੀ ਨੇ ਜਿੱਥੇ ਵੱਡੇ-ਵੱਡੇ ਦਰੱਖਤ ਜੜ੍ਹੋਂ ਉਖਾੜ ਸੁੱਟੇ, ਉੱਥੇ ਹੀ ਸਿਆਸੀ ਕੈਰੀਅਰ ਦੀ ਸ਼ੁਰੂਆਤ ਕਰਨ ਵਾਲਾ ਰਵਾਇਤੀ ਪਾਰਟੀ ਵਿਚਲਾ ਯੂਥ ਅੱਜ ਭੰਬਲਭੂਸੇ ’ਚੋਂ ਗੁਜ਼ਰ ਰਿਹਾ ਹੈ ਕਿ ਕਿਵੇਂ ਅਤੇ ਕਿੱਥੋਂ ਉਹ ਆਪਣੇ ਸਿਆਸੀ ਕੈਰੀਅਰ ਦੀ ਨਵੇਂ ਸਿਰਿਓਂ ਸ਼ੁਰੂਆਤ ਕਰਨ। ਲੰਘੀ 10 ਮਾਰਚ ਨੂੰ ਆਈ ‘ਆਪ’ ਦੀ ਇਸ ‘ਸੁਨਾਮੀ’ ਨੇ ਆਪਣੀ ਸਿਆਸੀ ਪਾਰੀ ਅੱਗੇ ਵਧਾਉਣ ਵਾਲੇ ਯੂਥ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਅਗਲਾ ਸਿਆਸੀ ਬੌਸ ਕੌਣ ਹੋਵੇਗਾ ਕਿਉਂਕਿ ਉਨ੍ਹਾਂ ਦੇ ਪੁਰਾਣੇ ਸਿਆਸੀ ਗੁਰੂ ਵੱਲੋਂ ਸੁਝਾਈਆਂ ਗਈਆਂ ਗੱਲਾਂ ਅਤੇ ਕੀਤੇ ਦਾਅਵੇ-ਵਾਅਦੇ ਪਤਾ ਨਹੀਂ ‘ਆਪ’ ਦੀ ਸੁਨਾਮੀ ’ਚ ਕਿੱਥੇ ਗੁਆਚ ਗਏ ਹਨ। ਇਸ ਯੂਥ ਬ੍ਰਿਗੇਡ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਪੁਰਾਣੇ ਰਵਾਇਤੀ ਪਾਰਟੀਆਂ ਵਿਚਲੇ ਵਿਚਾਰਾਂ ’ਤੇ ਹੀ ਪਹਿਰਾ ਦੇਣ ਜਾਂ ‘ਆਪ’ ਦੀ ਸਰਕਾਰ ਵਿਚਲੇ ਅਾਗੂਆਂ ਦੇ ਹੀ ‘ਝੋਲੀ ਚੁੱਕ’ ਬਣ ਜਾਣ।

ਇਹ ਵੀ ਪੜ੍ਹੋ : PM ਮੋਦੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖਾ ਤੇ ਸੰਦੂਕ ਨਹੀਂ ਕੀਤਾ ਗਿਫ਼ਟ (ਵੀਡੀਓ)

‘ਆਪ’ ਵੱਲੋਂ ਪੰਜਾਬ ਦੇ ਯੂਥ ਨੂੰ ਸਾਂਭਣ ਦੀ ਲੋੜ
ਪੰਜਾਬ ਵਿਚ ‘ਆਪ’ ਦੇ ਹੱਕ ’ਚ ਚੱਲੀ ਇਸ ਸੁਨਾਮੀ ਦੇ ਹਾਂ-ਪੱਖੀ ਨਤੀਜਿਆਂ ਤੋਂ ਬਾਅਦ ਅੱਜ ‘ਆਪ’ ਪਾਰਟੀ ਹਾਈਕਮਾਂਡ ਵੱਲੋਂ ਪੰਜਾਬ ਵਿਚਲੇ ਯੂਥ ਨੂੰ ਸਾਂਭਣ ਦੀ ਬੇਹੱਦ ਲੋੜ ਹੈ ਕਿਉਂਕਿ ਭਵਿੱਖ ’ਚ ਇਨ੍ਹਾਂ ਨੇ ਹੀ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣਾ ਹੁੰਦਾ ਹੈ। ਇਸ ਗੱਲ ਨੂੰ ਸਭ ਰਣਨੀਤੀਕਾਰ ਅਤੇ ਰਾਜਨੇਤਾ ਚੰਗੀ ਤਰ੍ਹਾਂ ਸਮਝਦੇ ਹਨ ਕਿ ਸੱਤਾ ਪ੍ਰਾਪਤੀ ਲਈ ਮੌਜੂਦਾ ਸੰਦਰਭ ’ਚ ਨੌਜਵਾਨ ਤਬਕੇ ਦਾ ਕਿੰਨਾ ਵੱਡਾ ਰੋਲ ਹੁੰਦਾ ਹੈ। ‘ਆਪ’ ਪਾਰਟੀ ਪ੍ਰਤੀ ਚਿੰਤਤ ਲੋਕਾਂ ਦਾ ਇਹ ਸਾਫ਼ ਮੰਨਣਾ ਹੈ ਕਿ ਆਉਣ ਵਾਲੇ ਸਮੇਂ ’ਚ ਪਾਰਟੀ ਹਾਈਕਮਾਂਡ ਨੂੰ ਪਿੰਡਾਂ ਤੇ ਸ਼ਹਿਰਾਂ ਵਿਚ ਯੂਨਿਟਾਂ ਬਣਾਉਣ ਦੇ ਨਾਲ ਪਾਰਟੀ ਦਾ ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ ਵਿਸਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਬਕਾਇਦਾ ਮਜ਼ਬੂਤ ਕਰਨਾ ਹੋਵੇਗਾ। ਉੱਥੇ ਹੀ ਪਾਰਟੀ ਪ੍ਰਤੀ ਵਫ਼ਾਦਾਰਾਂ ਅਤੇ ‘ਆਪ’ ਲਈ ਇਕ ਪਲ ਲਈ ਵੀ ਵਫ਼ਾਦਾਰੀ ਅਤੇ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਅਾਗੂਆਂ ਅਤੇ ਪਾਰਟੀ ਕੇਡਰ ਦਾ ਧਿਆਨ ਰੱਖਣਾ ਪਵੇਗਾ। ਉਨ੍ਹਾਂ ਦੇ ਚਾਵਾਂ ਪ੍ਰਤੀ ਸਦਭਾਵਨਾ ਭਰਿਆ ਮਾਹੌਲ ਤੇ ਭਾਵਨਾ ਅਤੇ ਉਨ੍ਹਾਂ ਦੀਆਂ ਮੌਜੂਦਾ ਸੰਦਰਭ ’ਚ ਲੋੜਾਂ ਦੀ ਸਮਾਂ ਰਹਿੰਦਿਆਂ ਪੂਰਤੀ ਕਰਨੀ ਚਾਹੀਦੀ ਹੈ। ਚੋਣਾਂ ਦੌਰਾਨ ‘ਆਪ’ ਵਿਰੁੱਧ ਭੜਕਾਊ ਭਾਸ਼ਣਬਾਜ਼ੀ ਕਰਨ ਵਾਲੇ ਵਿਅਕਤੀਆਂ ਨੂੰ ਵੀ ਧਿਆਨ ਗੋਚਰੇ ਰੱਖਣਾ  ਪਵੇਗਾ ਕਿਉਂਕਿ ਜਿਹੜੇ ਲੋਕ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ-ਦਿੰਦੇ ਆਪਣਾ ਸਿਆਸੀ ਕਰੀਅਰ ਦਾਅ ’ਤੇ ਲਾ ਚੁੱਕੇ ਹੋਣ, ਦੇ ਜਜ਼ਬਾਤਾਂ ਦੀ ਸਹੀ ਮਾਇਨਿਆਂ ’ਚ ਤਰਜਮਾਨੀ ਲਗਾਤਾਰ ਹੁੰਦੀ ਰਹਿਣੀ ਚਾਹੀਦੀ ਹੈ, ਜਿਸ ਨਾਲ ਪਾਰਟੀ ਦੇ ਪੁਰਾਣੇ ਕੇਡਰ ਤੇ ਸਮਰਥਕਾਂ ਦੇ ਹੌਸਲੇ ਬੁਲੰਦ ਰਹਿਣ।

ਇਹ ਵੀ ਪੜ੍ਹੋ : ਪੰਜਾਬ ’ਚ ਨਹੀਂ ਲਗਾਇਆ ਜਾਵੇਗਾ ਕੋਈ ਨਵਾਂ ਟੈਕਸ : ਹਰਪਾਲ ਚੀਮਾ

ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਲਾਗੂ ਕਰਨ ਦੀ ਕਵਾਇਦ
ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਆਪਣੀ ਫੇਰੀ ਦੌਰਾਨ ਐਜੂਕੇਸ਼ਨ, ਸਿਹਤ ਅਤੇ ਖ਼ਾਸ ਕਰ ਕੇ ਇੰਡਸਟਰੀ ਜਗਤ ਲਈ ਤਰ੍ਹਾਂ-ਤਰ੍ਹਾਂ ਦੀਆਂ ਗਾਰੰਟੀਆਂ ਦਿੱਤੀਆਂ ਗਈਆਂ ਕਿ ‘ਆਪ’ ਦੀ ਸਰਕਾਰ ਬਣਨ ’ਤੇ ਲੋਕ-ਪੱਖੀ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ। ਕੇਜਰੀਵਾਲ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਇਹ ਸਿਰਫ਼ ਵਾਅਦੇ ਅਤੇ ਦਾਅਵੇ ਨਹੀਂ ਸਗੋਂ ਗਾਰੰਟੀਆਂ ਹਨ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੌਰਾਨ ਹੀ ਇਹ ਕਿਹਾ ਜਾਂਦਾ ਰਿਹਾ ਕਿ ਪੰਜਾਬ ਨੂੰ ਸਹੀ ਮਾਇਨਿਆਂ ਵਿਚ ਪੰਜਾਬ ਬਣਾਇਆ ਜਾਵੇਗਾ ਅਤੇ ਹੁਣ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਲੋਕ ਅਰਵਿੰਦ ਕੇਜਰੀਵਾਲ ਵਲੋਂ ਦਿੱਤੀਆਂ ਗਾਰੰਟੀਆਂ ਅਤੇ ਭਗਵੰਤ ਮਾਨ ਵਲੋਂ ਕੀਤੇ ਜਾਂਦੇ ਐਲਾਨਾਂ ਨੂੰ ਅਮਲੀਜਾਮਾ ਪਹਿਨਾਏ ਜਾਣਾ ਵੇਖਣਾ ਚਾਹੁੰਦੇ ਹਨ ਅਤੇ ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਇਕ-ਇਕ ਕਰ ਕੇ ਕੇਜਰੀਵਾਲ ਵੱਲੋਂ ਦਿੱਤੀਆਂ ਗਾਰੰਟੀਆਂ ਨੂੰ ਕਦੋਂ ਲਾਗੂ ਕਰੇਗੀ? ਇਸ ਵੱਲ ਸਭ ਦੀਆਂ ਨਜ਼ਰਾਂ ਹਨ।


author

Manoj

Content Editor

Related News