ਸ਼ਰਾਬ ਦੇ ਨਸ਼ੇ ''ਚ ਧੁੱਤ ਨੌਜਵਾਨਾਂ ਦੀ ਟੋਲੀ ਨੇ ਸਾੜਿਆ ਮੋਟਰਸਾਈਕਲ, 2 ਨਾਲ ਕੀਤੀ ਕੁੱਟਮਾਰ

Tuesday, Mar 27, 2018 - 07:24 AM (IST)

ਸ਼ਰਾਬ ਦੇ ਨਸ਼ੇ ''ਚ ਧੁੱਤ ਨੌਜਵਾਨਾਂ ਦੀ ਟੋਲੀ ਨੇ ਸਾੜਿਆ ਮੋਟਰਸਾਈਕਲ, 2 ਨਾਲ ਕੀਤੀ ਕੁੱਟਮਾਰ

ਫਗਵਾੜਾ, (ਜਲੋਟਾ, ਹਰਜੋਤ, ਰੁਪਿੰਦਰ ਕੌਰ)- ਫਗਵਾੜਾ 'ਚ ਦੇਰ ਰਾਤ ਬਾਬਾ ਗੱਦਿਆ ਇਲਾਕੇ 'ਚ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀ ਰਹੇ ਕਰੀਬ ਅੱਧਾ ਦਰਜਨ ਨੌਜਵਾਨਾਂ ਦੀ ਇਕ ਟੋਲੀ ਵੱਲੋਂ ਸੈਲੂਨ 'ਚ ਕੰਮ ਕਰਦੇ ਇਕ ਨੌਜਵਾਨ 'ਤੇ ਇਸੇ ਤਰ੍ਹਾਂ ਇਕ ਹੋਰ ਨੌਜਵਾਨ ਨਾਲ ਮਾਰਕੁੱਟ, ਸਾੜਫੂਕ ਅਤੇ ਲੁੱਟ ਖੋਹ ਕਰਨ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ । 
ਜਗ ਬਾਣੀ ਨਾਲ ਗੱਲਬਾਤ ਕਰਦੇ ਹੋਏ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਤੇ ਐੱਸ. ਐੱਚ. ਓ. ਸਿਟੀ ਗੁਰਮੀਤ ਸਿੰਘ ਨੇ ਵਾਰਦਾਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ 2 ਦੋਸ਼ੀ ਨੌਜਵਾਨਾਂ ਦੀ ਪਛਾਣ ਕਰ ਲਈ ਹੈ ਤੇ ਬਾਕੀ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਮਿਲੀ ਸੂਚਨਾ ਅਨੁਸਾਰ ਬਾਬਾ ਗੱਦਿਆ-ਭੁੱਲਾਰਾਈ ਰੋਡ 'ਤੇ ਦੋਸ਼ੀ ਨੌਜਵਾਨਾਂ ਦੀ ਇਹ ਟੋਲੀ ਸ਼ਰਾਬ ਦੇ ਠੇਕੇ 'ਤੇ ਸ਼ਰਾਬ ਪੀ ਰਹੀ ਦੱਸੀ ਜਾਂਦੀ ਹੈ । ਇਸੇ ਦੌਰਾਨ ਦੋਸ਼ੀ ਨੌਜਵਾਨਾਂ ਦੀ ਸੈਲੂਨ 'ਚ ਕੰਮ ਕਰਦੇ ਨੌਜਵਾਨ ਜਿਸ ਦੀ ਪਛਾਣ ਹਰਮਨ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੁੱਲਾਰਾਈ ਹੈ, ਦੇ ਨਾਲ ਆਪਸੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। 
ਇਸ ਤੋਂ ਬਾਅਦ ਦੋਸ਼ੀ ਨੌਜਵਾਨਾਂ ਨੇ ਉਸ ਦੀ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਵੇਖਦੇ ਹੀ ਵੇਖਦੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਸਾੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਜੱਦ ਇਹ ਦੋਸ਼ੀ ਨੌਜਵਾਨ ਇਹ ਸਭ ਕਰ ਰਹੇ ਸਨ ਉਦੋਂ ਇਲਾਕੇ 'ਚੋਂ ਲੰਘ ਰਹੇ ਇਕ ਨੌਜਵਾਨ ਨੇ ਹਰਮਨ ਨੂੰ ਬਚਾਉਣ ਲਈ ਕੋਸ਼ਿਸ਼ ਕੀਤੀ ਪਰ ਇਨ੍ਹਾਂ ਉਸ ਦੇ 3 ਮੋਬਾਇਲ ਫੋਨ ਭੰਨ ਦਿੱਤੇ ਇਸ ਤੋਂ ਬਾਅਦ ਵੀ ਦੋਸ਼ੀ ਨੌਜਵਾਨਾਂ ਨੇ ਇਸ ਇਲਾਕੇ 'ਚ ਇਕ ਹੋਰ ਨੌਜਵਾਨ ਜਿਸ ਦੀ ਪਛਾਣ ਚਰਨਜੀਤ ਦੱਸੀ ਜਾ ਰਹੀ ਹੈ, ਨਾਲ ਮਾਰਕੁੱਟ ਕੀਤੀ ਤੇ ਉਸ ਦੇ ਗਲੇ 'ਚ ਪਾਈ ਹੋਈ ਸੋਨੇ ਦੀ ਚੇਨ ਤੇ ਉਸ ਦਾ ਮੋਟਰਸਾਈਕਲ ਲੁੱਟ ਲਿਆ ਤੇ ਸਾਰੇ ਹਮਲਾਵਰ ਨੌਜਵਾਨ ਫਿਲਮੀ ਸਟਾਈਲ 'ਚ ਮੌਕੇ ਤੋਂ ਫਰਾਰ ਹੋ ਗਏ । ਇਸ ਦੌਰਾਨ ਮਾਰਕੁੱਟ ਦਾ ਸ਼ਿਕਾਰ ਬਣੇ ਹਰਮਨ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿਥੇ ਸਰਕਾਰੀ ਡਾਕਟਰਾਂ ਵੱਲੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ।  
ਹਸਪਤਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜ਼ਖਮੀ ਹਰਮਨ ਨੇ ਦੱਸਿਆ ਕਿ ਉਸ 'ਤੇ ਹਮਲਾ ਕਰਨ ਵਾਲੇ ਹਮਲਾਵਰ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ । ਦੋਸ਼ੀਆਂ ਨੇ ਉਸ ਦੇ ਮੋਟਰਸਾਈਕਲ ਨੂੰ ਅੱਗ ਲਗਾ ਕੇ ਸਾੜ ਦਿੱਤਾ ਤੇ ਉਸ ਦੀ ਮਾਰਕੁੱਟ ਕੀਤੀ । ਖਬਰ ਲਿਖੇ ਜਾਣ ਤਕ ਵਾਪਰੀ ਵਾਰਦਾਤ ਤੋਂ ਬਾਅਦ ਇਲਾਕੇ 'ਚ ਭਾਰੀ ਦਹਿਸ਼ਤ ਤੇ ਡਰ ਪਾਇਆ ਜਾ ਰਿਹਾ ਹੈ । ਪੁਲਸ ਥਾਣਾ ਸਿਟੀ ਦੇ ਐੱਸ. ਐੱਚ. ਓ. ਗੁਰਮੀਤ ਸਿੰਘ  ਨੇ ਦੱਸਿਆ ਕਿ ਪੁਲਸ ਬਹੁਤ ਛੇਤੀ ਸਾਰੇ ਦੋਸ਼ੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਵੇਗੀ । ਅੰਤਿਮ ਖਬਰਾਂ ਮਿਲਣ ਤਕ ਪੁਲਸ ਨੇ ਆਨ ਰਿਕਾਰਡ ਕਿਸੇ ਵੀ ਦੋਸ਼ੀ ਨੌਜਵਾਨ ਖਿਲਾਫ ਪੁਲਸ ਐੱਫ. ਆਈ. ਆਰ. ਦਰਜ ਨਹੀਂ ਕੀਤੀ ਹੈ । ਪੁਲਸ ਤਫਤੀਸ਼ ਜਾਰੀ ਦੱਸੀ ਜਾ ਰਹੀ ਹੈ ।  .


Related News