ਮੋਹਾਲੀ ''ਚ 10ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਅੱਧੀ ਰਾਤੀਂ ਪੂਰੀ ਸੁਸਾਇਟੀ ''ਚ ਮਚਿਆ ਹੜਕੰਪ

Thursday, Jun 11, 2026 - 01:41 PM (IST)

ਮੋਹਾਲੀ ''ਚ 10ਵੀਂ ਮੰਜ਼ਿਲ ਤੋਂ ਡਿੱਗਿਆ ਨੌਜਵਾਨ, ਅੱਧੀ ਰਾਤੀਂ ਪੂਰੀ ਸੁਸਾਇਟੀ ''ਚ ਮਚਿਆ ਹੜਕੰਪ

ਖਰੜ (ਵੈੱਬ ਡੈਸਕ, ਰਣਬੀਰ) : ਇੱਥੇ ਖਰੜ-ਲਾਂਡਰਾ ਰੋਡ 'ਤੇ ਸਥਿਤ ਐੱਸ. ਬੀ. ਪੀ. ਨੌਰਥ ਸੋਸਾਇਟੀ 'ਚ ਦੇਰ ਰਾਤ ਇੱਕ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਟਾਵਰ ਨੰਬਰ-3 ਦੀ 10ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਮਾਮਲਾ ਖ਼ੁਦਕੁਸ਼ੀ ਦਾ ਹੈ ਜਾਂ ਕਿਸੇ ਹੋਰ ਹਾਦਸੇ ਦਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਕਰੀਬ 12.25 ਵਜੇ ਸੋਸਾਇਟੀ 'ਚ ਅਚਾਨਕ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣ ਕੇ ਜਦੋਂ ਲੋਕ ਬਾਹਰ ਪਹੁੰਚੇ ਤਾਂ ਉੱਥੇ ਇੱਕ ਨੌਜਵਾਨ ਦੀ ਲਾਸ਼ ਪਈ ਮਿਲੀ। ਚਸ਼ਮਦੀਦਾਂ ਮੁਤਾਬਕ ਮ੍ਰਿਤਕ ਦੇ ਕੰਨਾਂ 'ਚ ਹੈੱਡਫੋਨ ਲੱਗੇ ਹੋਏ ਸਨ ਅਤੇ ਉਸ ਦਾ ਪਿੱਠੂ ਬੈਗ ਵੀ ਲਾਸ਼ ਦੇ ਕੋਲ ਹੀ ਪਿਆ ਸੀ, ਜਿਸ 'ਚ ਪਾਣੀ ਦੀ ਬੋਤਲ ਰੱਖੀ ਹੋਈ ਸੀ। ਉਸ ਦਾ ਮੋਬਾਇਲ ਫੋਨ ਜੇਬ 'ਚ ਸੁਰੱਖਿਅਤ ਮਿਲਿਆ, ਜਦੋਂ ਕਿ ਉਸ ਨੇ ਜੁੱਤੇ ਵੀ ਪਾਏ ਹੋਏ ਸਨ।

ਇਹ ਵੀ ਪੜ੍ਹੋ : ਪੰਜਾਬ ਬੋਰਡ ਦਾ 8ਵੀਂ, 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵੱਡਾ ਫ਼ੈਸਲਾ, ਕੀਤਾ ਗਿਆ ਵੱਡਾ ਬਦਲਾਅ

ਸਥਾਨਕ ਲੋਕਾਂ ਅਨੁਸਾਰ ਨੌਜਵਾਨ ਹੇਠਾਂ ਡਿੱਗਣ ਦੌਰਾਨ ਇਮਾਰਤ ਦੇ ਬਾਹਰ ਲੰਘ ਰਹੀ ਇੱਕ ਨੈੱਟਵਰਕ ਕੇਬਲ ਦੀ ਲਪੇਟ 'ਚ ਆ ਗਿਆ ਸੀ। ਇਸ ਕੇਬਲ ਟੁੱਟ ਕੇ ਹੇਠਾਂ ਡਿੱਗ ਗਈ। ਘਟਨਾ ਤੋਂ ਬਾਅਦ ਮੌਕੇ 'ਤੇ ਟੁੱਟੀ ਹੋਈ ਕੇਬਲ ਵੀ ਮਿਲੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨੌਜਵਾਨ ਸਿੱਧਾ ਉੱਪਰੋਂ ਹੇਠਾਂ ਡਿੱਗਿਆ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 35 ਸਾਲ ਦੇ ਕਰੀਬ ਹੈ। ਉਹ ਸੋਸਾਇਟੀ 'ਚ ਕਿਰਾਏ ਦੇ ਫਲੈਟ 'ਚ ਰਹਿੰਦਾ ਸੀ ਅਤੇ 3-4 ਮਹੀਨੇ ਪਹਿਲਾਂ ਹੀ ਇੱਥੇ ਆ ਕੇ ਰਹਿਣ ਲੱਗਾ ਸੀ। ਫਿਲਹਾਲ ਉਸ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਇਹ ਵੀ ਪੜ੍ਹੋ : ਪੰਜਾਬ ਭਰ ਦੇ ਬਿਜਲੀ ਖ਼ਪਤਕਾਰਾਂ ਲਈ ਅਲਰਟ, ਪਾਵਰਕਾਮ ਨੇ ਜਾਰੀ ਕੀਤਾ ਜ਼ਰੂਰੀ ਸੁਨੇਹਾ

ਸੂਤਰਾਂ ਮੁਤਾਬਕ ਇਹ ਘਟਨਾ ਸੋਸਾਇਟੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋਈ ਹੈ। ਫੁਟੇਜ 'ਚ ਨੌਜਵਾਨ ਨੂੰ ਉੱਚਾਈ ਤੋਂ ਡਿੱਗਦੇ ਹੋਏ ਦੇਖਿਆ ਗਿਆ ਹੈ। ਪੁਲਸ ਨੇ ਸੀ. ਸੀ. ਟੀ. ਵੀ. ਰਿਕਾਰਡਿੰਗ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ 'ਤੇ ਪੁਲਸ ਰਾਤ ਕਰੀਬ 2.15 ਵਜੇ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਖਰੜ ਦੀ ਮੋਰਚਰੀ 'ਚ ਰਖਵਾ ਦਿੱਤਾ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਬਾਰੇ ਅਜੇ ਕੋਈ ਅਧਿਕਾਰਕ ਨਤੀਜਾ ਨਹੀਂ ਕੱਢਿਆ ਗਿਆ। ਪੋਸਟਮਾਰਟਮ ਰਿਪੋਰਟ, ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
 


author

Babita

Content Editor

Related News