ਗੱਡੀ ਸਮੇਤ ਨਹਿਰ ''ਚ ਡਿਗੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ

Sunday, Sep 13, 2020 - 01:46 PM (IST)

ਗੱਡੀ ਸਮੇਤ ਨਹਿਰ ''ਚ ਡਿਗੇ 2 ਨੌਜਵਾਨ, ਇਕ ਦੀ ਲਾਸ਼ ਬਰਾਮਦ

ਦਸੂਹਾ (ਝਾਵਰ) : ਉੱਚੀ ਬੱਸੀ ਨਹਿਰ 'ਚ ਦੇਰ ਸ਼ਾਮ ਅਚਾਨਕ ਸਕਾਰਪੀਓ ਗੱਡੀ ਡਿੱਗਣ ਨਾਲ ਗੁਰਿੰਦਰਪਾਲ ਸਿੰਘ ਉਰਫ਼ ਬਿੱਲਾ ਪੁੱਤਰ ਸਰੂਪ ਸਿੰਘ ਵਾਸੀ ਨਾਰਾਇਣਗੜ੍ਹ ਅਤੇ ਸਰਬਜੀਤ ਸਿੰਘ ਪੁੱਤਰ ਨਿਰੰਜਣ ਸਿੰਘ ਪਿੰਡ ਮਰਾਸਗੜ੍ਹ ਗੱਡੀ ਸਮੇਤ ਲਾਪਤਾ ਹੋ ਗਏ। ਉਹ ਦੋਵੇਂ ਦਸੂਹਾ ਤੋਂ ਪਿੰਡ ਨਰਾਇਣਗੜ੍ਹ ਵੱਲ ਸਕਾਰਪੀਓ ਗੱਡੀ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੇ ਸੀ ਕਿ ਰਸਤੇ 'ਚ ਪੁਲ ਨੂੰ ਪਾਰ ਕਰਦੇ ਸਮੇਂ ਅਚਾਨਕ ਗੱਡੀ ਉੱਚੀ ਬੱਸੀ ਨਹਿਰ 'ਚ ਡਿੱਗ ਪਈ। ਇਸ ਮੌਕੇ ਲੋਕਾਂ ਨੇ ਗੱਡੀ ਡਿੱਗਣ ਸਬੰਧੀ ਪੁਲਸ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਦਸੂਹਾ ਗੁਰਦੇਵ ਸਿੰਘ ਤੇ ਡੀ. ਐੱਸ. ਪੀ. ਅਨਿਲ ਕੁਮਾਰ ਭਨੋਟ ਪੁਲਸ ਪਾਰਟੀ ਲੈ ਕੇ ਪਹੁੰਚ ਗਏ। ਇਨ੍ਹਾਂ 'ਚੋਂ ਸਰਬਜੀਤ ਸਿੰਘ ਨੂੰ ਗੋਤਾਖੋਰਾਂ ਦੀ ਟੀਮ ਨੇ ਗੱਡੀ ਸਮੇਤ ਬਾਹਰ ਕੱਢ ਲਿਆ, ਜਿਸ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਨੌਜਵਾਨ ਗੁਰਿੰਦਰਪਾਲ ਦੀ ਭਾਲ ਅਜੇ ਜਾਰੀ ਹੈ। ਮ੍ਰਿਤਕ ਸਰਬਜੀਤ ਦੇ ਚਾਚੇ ਦਾ ਕਹਿਣਾ ਹੈ ਕਿ ਦੋਵੇਂ ਨੌਜਵਾਨ ਸ਼ਰਾਬ ਪੀਣ ਲਈ ਨਹਿਰ 'ਤੇ ਗਏ ਸਨ ਅਤੇ ਗੱਡੀ ਮੋੜਦੇ ਸਮੇਂ ਉਨ੍ਹਾਂ ਦੀ ਗੱਡੀ ਨਹਿਰ 'ਚ ਜਾ ਡਿਗੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।


author

Babita

Content Editor

Related News