ਨਸ਼ਿਆਂ ਨੇ ਖਾਧਾ 2 ਭੈਣਾਂ ਦਾ ਇਕਲੌਤਾ ਭਰਾ, ਰੋ-ਰੋ ਪਰਿਵਾਰ ਦਾ ਬੁਰਾ ਹਾਲ (ਵੀਡੀਓ)

Friday, Oct 18, 2019 - 02:26 PM (IST)

ਖੰਨਾ (ਬਿਪਨ) : ਖੰਨਾ ਦੇ ਪਿੰਡ ਕਿਲਾ ਹੰਸ 'ਚ 2 ਭੈਣਾਂ ਦੇ ਇਕਲੌਤੇ ਪੁੱਤ ਨੂੰ ਨਸ਼ਿਆਂ ਨੇ ਖਾ ਲਿਆ। ਪੁੱਤ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਦਾ ਰੋ-ਰੋ ਕੇ ਕਮਲਾ ਹੋ ਗਿਆ ਹੈ ਅਤੇ ਸਰਕਾਰ ਨੂੰ ਨਸ਼ਾ ਬੰਦ ਕਰਨ ਦੀਆਂ ਦੁਹਾਈਆਂ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਪਿੰਡ ਕਿਲਾ ਹੰਸ 'ਚ ਰਹਿਣ ਵਾਲਾ 29 ਸਾਲਾ ਸਨਮੀਤ ਸਿੰਘ 2 ਭੈਣਾਂ ਦਾ ਇਕਲੌਤਾ ਭਰਾ ਸੀ। ਸਨਮੀਤ ਦੀ ਮਾਂ ਅਮਰੀਕਾ 'ਚ ਰਹਿੰਦੀ ਹੈ। ਉਸ ਨੇ ਵੀਡੀਓ ਕਾਲ 'ਚ ਨਸ਼ਾ ਤਸਕਰਾਂ ਦਾ ਨਾਂ ਲੈਂਦੇ ਹੋਏ ਦੋਸ਼ ਲਾਏ ਕਿ ਉਨ੍ਹਾਂ ਦੇ ਪਿੰਡ ਦੇ ਕਈ ਨੌਜਵਾਨਾਂ ਨੂੰ ਨਸ਼ਿਆਂ ਦੀ ਲਤ ਲੱਗੀ ਹੋਈ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੇ ਨਸ਼ਾ ਦੇ ਕੇ ਉਨ੍ਹਾਂ ਦੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਨੂੰ ਸਿਆਸੀ ਸ਼ੈਅ ਮਿਲੀ ਹੋਈ ਹੈ ਅਤੇ ਪੰਜਾਬ ਸਰਕਾਰ ਨਸ਼ਿਆਂ ਦੀ ਰੋਕਥਾਮ ਕਰਨ 'ਚ ਫੇਲ ਸਾਬਿਤ ਹੋਈ ਹੈ। ਰਿਸ਼ਤੇਦਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਪਾਇਲ ਦੇ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਦਾ ਕਹਿਣਾ ਹੈ ਕਿ ਮ੍ਰਿਤਕ ਨਸ਼ੇ ਦਾ ਆਦੀ ਸੀ ਅਤੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਪੋਸਟ ਮਾਰਟਮ ਦੀ ਰਿਪੋਰਟ 'ਚ ਖੁਲਾਸਾ ਹੋਵੇਗਾ ਅਤੇ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News