ਧੁੰਦ ਕਾਰਨ ਡਿਲੀਵਰੀ ਬੁਆਏ ਸਾਈਨ ਬੋਰਡ ਨਾਲ ਟਕਰਾਇਆ, ਮੌਤ

Friday, Jan 03, 2025 - 02:28 PM (IST)

ਧੁੰਦ ਕਾਰਨ ਡਿਲੀਵਰੀ ਬੁਆਏ ਸਾਈਨ ਬੋਰਡ ਨਾਲ ਟਕਰਾਇਆ, ਮੌਤ

ਚੰਡੀਗੜ੍ਹ (ਸੁਸ਼ੀਲ) : ਧੁੰਦ ਹੋਣ ਕਾਰਨ ਸਵੇਰੇ ਬਾਈਕ ਸਵਾਰ ਡਿਲੀਵਰੀ ਬੁਆਏ ਸੈਕਟਰ 17/18 ਦੀ ਡਿਵਾਈਡਰ ਰੋਡ ’ਤੇ ਲੱਗੇ ਸਾਈਨ ਬੋਰਡ ਨਾਲ ਟਕਰਾਉਣ ਕਾਰਨ ਜ਼ਖਮੀ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀ ਬਾਈਕ ਸਵਾਰ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਰਾਜਮਨੀ ਤਿਵਾੜੀ ਵਾਸੀ ਮਿਲਕ ਕਾਲੋਨੀ, ਧਨਾਸ ਵਜੋਂ ਹੋਈ ਹੈ। ਸੈਕਟਰ-17 ਥਾਣਾ ਪੁਲਸ ਹਾਦਸੇ ਦਾ ਕਾਰਨ ਧੁੰਦ ਅਤੇ ਤੇਜ਼ ਰਫ਼ਤਾਰ ਨੂੰ ਮੰਨ ਰਹੀ ਹੈ। ਸੈਕਟਰ-17 ਥਾਣਾ ਪੁਲਸ ਨੇ ਲਾਸ਼ ਨੂੰ ਮੁਰਦਾਘਰ ਵਿਚ ਰਖਵਾਇਆ ਹੈ। ਧਨਾਸ ਦੀ ਮਿਲਕ ਕਾਲੋਨੀ ਵਾਸੀ ਰਾਜਮਨੀ ਤਿਵਾੜੀ ਇੱਕ ਪ੍ਰਾਈਵੇਟ ਕੰਪਨੀ ਵਿਚ ਡਿਲੀਵਰੀ ਬੁਆਏ ਵਜੋਂ ਨੌਕਰੀ ਕਰਦਾ ਸੀ। ਵੀਰਵਾਰ ਸਵੇਰੇ 7 ਵਜੇ ਉਸ ਨੇ ਸੈਕਟਰ 18 ਵਿਚ ਸਾਮਾਨ ਦੀ ਡਿਲੀਵਰੀ ਕਰਨੀ ਸੀ।

ਉਹ ਬਾਈਕ ’ਤੇ ਸਾਮਾਨ ਦੇਣ ਜਾ ਰਿਹਾ ਸੀ। ਜਦੋਂ ਉਹ ਸੈਕਟਰ 17/18 ਦੀ ਡਿਵਾਇਡਰ ਸੜਕ ’ਤੇ ਪਹੁੰਚਿਆ ਤਾਂ ਉਸ ਨੂੰ ਸਾਈਨ ਬੋਰਡ ਨਜ਼ਰ ਨਹੀਂ ਆਇਆ ਤੇ ਉਸ ਦੀ ਬਾਈਕ ਸਿੱਧੀ ਸਾਈਨ ਬੋਰਡ ’ਚ ਜਾ ਵੱਜੀ। ਉਹ ਸੜਕ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਰਾਜਮਨੀ ਦੀ ਮੌਤ ਹੋ ਚੁੱਕੀ ਸੀ। ਰਾਜਮਨੀ ਤਿਵਾੜੀ ਦਾ ਪਰਿਵਾਰ ਪਹਿਲਾਂ ਇਸ ਨੂੰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਨਾਲ ਵਾਪਰਿਆ ਸੜਕ ਹਾਦਸਾ ਮੰਨ ਰਹੀ ਸੀ, ਪਰ ਪੁਲਸ ਨੇ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਬਾਰੇ ਪੂਰੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਤਿਵਾੜੀ ਕਰੀਬ 6 ਮਹੀਨਿਆਂ ਤੋਂ ਡਿਲੀਵਰੀ ਬੁਆਏ ਦਾ ਕੰਮ ਕਰ ਰਿਹਾ ਸੀ।


author

Babita

Content Editor

Related News