ਨੰਗਲ-ਚੰਡੀਗੜ੍ਹ ਰਸਤੇ ’ਤੇ ਕਾਰ-ਬੱਸ ਦੀ ਆਹਮੋ-ਸਾਹਮਣੇ ਟੱਕਰ, 2 ਦੀ ਮੌਤ
Wednesday, Jan 22, 2025 - 05:38 AM (IST)
ਨੰਗਲ (ਸੈਣੀ) - ਨੰਗਲ-ਚੰਡੀਗੜ੍ਹ ਰਸਤੇ ’ਤੇ ਸੋਮਵਾਰ ਰਾਤ ਕਰੀਬ 12 ਵਜੇ ਪਿੰਡ ਬ੍ਰਹਮਪੁਰ ਵਿਚ ਇਕ ਕਾਰ ਅਤੇ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖ਼ਮੀ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਕਾਰਨ ਕੁਝ ਦੇਰ ਤੱਕ ਮੁੱਖ ਰਸਤੇ ’ਤੇ ਜਾਮ ਲੱਗ ਗਿਆ ਜਿਸ ਦੇ ਬਾਅਦ ਪੁਲਸ ਨੇ ਦੋਨਾਂ ਵਾਹਨਾਂ ਨੂੰ ਸੜਕ ਤੋਂ ਸਾਈਡ ਕਰਵਾਇਆ।
ਏ . ਐੱਸ . ਆਈ . ਕੇਸ਼ਵ ਕੁਮਾਰ ਨੇ ਦੱਸਿਆ ਕਿ ਕਾਰ ਦਿਲੀ ਤੋਂ ਕਾਂਗੜਾ ( ਹਿਮਾਚਲ ) ਵੱਲ ਜਾ ਰਹੀ ਸੀ ਅਤੇ ਬੱਸ ਧਰਮਸ਼ਾਲਾ ਤੋਂ ਦਿਲੀ ਵਲ ਜਾ ਰਹੀ ਸੀ ਕਿ ਨੰਗਲ-ਚੰਡੀਗੜ੍ਹ ਰਸਤੇ ’ਤੇ ਬ੍ਰਹਮਪੁਰ ਵਿਚ ਇਹ ਹਾਦਸਾ ਹੋ ਗਿਆ। ਸਿਵਲ ਹਸਪਤਾਲ ਵਿਚ ਡਾਕਟਰਾਂ ਨੇ 2 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਨ੍ਹਾਂ ਦੀ ਪਛਾਣ ਸੁਮਨ ਬਾਲਾ ਪਤੀ ਰਾਜੇਸ਼ ਕੁਮਾਰ ( 50 ) ਅਤੇ ਵਰੁਣ ਜਰਿਆਲ ਪੁੱਤਰ ਰਾਕੇਸ਼ ਕੁਮਾਰ (19) ਪਿੰਡ ਮਵਾ ਥਾਣਾ ਜਵਾਲੀ ਜ਼ਿਲਾ ਕਾਂਗੜਾ ਦੇ ਰੂਪ ਵਿਚ ਹੋਈ ਹੈ।
ਇਸਦੇ ਇਲਾਵਾ ਰੰਜੂ ਬਾਲਾ, ਬਸ ਡਰਾਈਵਰ ਅਕਸ਼ਯ, ਰਘੂਵੀਰ ਸਿੰਘ ਅਤੇ ਰਾਕੇਸ਼ ਕੁਮਾਰ ਨੂੰ ਗੰਭੀਰ ਜ਼ਖ਼ਮੀ ਹੋਣ ਦੇ ਕਾਰਨ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 3 ਲੋਕ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਅਤੇ ਰਾਕੇਸ਼ ਕੁਮਾਰ ਕਮਾਂਡ ਹਸਪਤਾਲ ਵਿਚ ਦਾਖਲ ਹੈ। ਪੁਲਸ ਨੇ ਰਘੂਵੀਰ ਸਿੰਘ ਨਿਵਾਸੀ ਕਾਂਗੜਾ ਦੇ ਬਿਆਨਾਂ ’ਤੇ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।