ਪੁੱਤ ਨੂੰ UK ਭੇਜਣ ਦੀ ਤਿਆਰੀ ਕਰ ਰਹੇ ਪਰਿਵਾਰ ਦੀਆਂ ਨਿਕਲ ਗਈਆਂ ਧਾਹਾਂ, ਘਰ 'ਚ ਵਿਛੇ ਮੌਤ ਦੇ ਸੱਥਰ

12/16/2022 4:01:31 PM

ਖਰੜ, (ਰਣਬੀਰ, ਜ. ਬ.) : ਖਰੜ-ਕੁਰਾਲੀ ਰੋਡ ਅਮਾਰਿਆ ਸ਼ਾਪਿੰਗ ਸੈਂਟਰ ਸਾਹਮਣੇ ਬੀਤੀ-ਰਾਤ ਇਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਹਾਦਸੇ ਲਈ ਜ਼ਿੰਮੇਵਾਰ ਦੱਸੇ ਜਾ ਰਹੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਫਤੀਸ਼ੀ ਅਫ਼ਸਰ ਪ੍ਰੇਮ ਚੰਦ ਨੇ ਦੱਸਿਆ ਕਿ ਇਥੋਂ ਦੇ ਮੁਹੱਲਾ ਧੋਬੀਆਂ ਵਾਲਾ ਦੇ ਰਹਿਣ ਵਾਲੇ ਪ੍ਰਭਾਤ (21) ਨਾਂ ਦੇ ਨੌਜਵਾਨ ਨੇ ਪੜ੍ਹਾਈ ਲਈ 27 ਦਸੰਬਰ ਨੂੰ ਯੂ. ਕੇ. ਜਾਣਾ ਸੀ। ਬੀਤੀ ਰਾਤ ਆਪਣੇ ਭਰਾ ਕੁਨਾਲ ਸ਼ਰਮਾ, ਦੋਸਤ ਰੌਬਿਨ ਸਿੰਘ, ਮਨਪ੍ਰੀਤ ਸਿੰਘ ਅਤੇ ਆਪਣੀ ਭੈਣ ਨਾਲ ਉਕਤ ਥਾਂ ਸ਼ਾਪਿੰਗ ਸੈਂਟਰ ’ਚ ਕੱਪੜੇ ਆਦਿ ਖ਼ਰੀਦਣ ਲਈ ਆਇਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫਟਣ ਕਾਰਨ ਜ਼ਬਰਦਸਤ ਧਮਾਕਾ, ਦੇਖੋ ਹਾਦਸੇ ਦਾ ਮੰਜ਼ਰ ਬਿਆਨ ਕਰਦੀਆਂ ਤਸਵੀਰਾਂ

ਕਾਰ ਨੂੰ ਰੌਬਿਨ ਚਲਾ ਰਿਹਾ ਸੀ, ਜਦੋਂ ਕਿ ਕੁਨਾਲ ਉਸ ਦੇ ਨਾਲ ਦੀ ਸੀਟ ’ਤੇ ਅਤੇ ਪ੍ਰਭਾਤ ਡਰਾਈਵਰ ਦੀ ਪਿਛਲੀ ਸੀਟ ’ਤੇ ਸੱਜੇ ਪਾਸੇ ਬੈਠਾ ਸੀ। ਜਿਵੇਂ ਹੀ ਉਨ੍ਹਾਂ ਦੀ ਕਾਰ ਸੜਕ ਵਿਚਲਾ ਕੱਟ ਕ੍ਰਾਸ ਕਰ ਕੇ ਸ਼ਾਪਿੰਗ ਸੈਂਟਰ ਵਾਲੇ ਪਾਸੇ ਮੁੜਨ ਲੱਗੀ ਤਾਂ ਕੁਰਾਲੀ ਸਾਈਡ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਮਾਰੂਤੀ ਕਾਰ ਨੂੰ ਪਿੱਛੋਂ ਜ਼ੋਰ ਨਾਲ ਟੱਕਰ ਮਾਰ ਦਿੱਤੀ। ਇਸ ਨਾਲ ਪ੍ਰਭਾਤ ਕਾਰ ਵਿਚੋਂ ਬਾਹਰ ਸੜਕ ਵਾਲੇ ਪਾਸੇ ਡਿੱਗ ਗਿਆ ਅਤੇ ਉਸ ਦੇ ਗੰਭੀਰ ਸੱਟ ਲੱਗੀਆਂ।

ਇਹ ਵੀ ਪੜ੍ਹੋ : ਪੰਜਾਬ ਦੀਆਂ 'ਪੰਚਾਇਤਾਂ' ਨੂੰ ਲੈ ਕੇ ਵੱਡੀ ਖ਼ਬਰ, ਇਹ ਹੁਕਮ ਨਾ ਮੰਨੇ ਤਾਂ ਮੁਅੱਤਲ ਹੋਣਗੇ ਸਰਪੰਚ

ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਚੈੱਕਅਪ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁੱਤ ਨੂੰ ਬਾਹਰ ਭੇਜਣ ਦੀ ਤਿਆਰੀ ਕਰ ਰਹੇ ਪਰਿਵਾਰ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਪੁੱਤ ਹਮੇਸ਼ਾ ਲਈ ਪਰਿਵਾਰ ਨੂੰ ਅਲਵਿਦਾ ਕਹਿ ਜਾਵੇਗਾ। ਸਿਟੀ ਪੁਲਸ ਨੇ ਮ੍ਰਿਤਕ ਦੇ ਭਰਾ ਕੁਨਾਲ ਸ਼ਰਮਾ ਦੇ ਬਿਆਨਾਂ ’ਤੇ ਉਕਤ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਲਾਸ਼ ਪੋਸਟਮਾਰਟਮ ਪਿੱਛੋਂ ਉਸ ਦੇ ਵਾਰਸਾਂ ਹਵਾਲੇ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News