ਜਲੰਧਰ ਦੇ ਗਾਰਡੀਅਨ ਹਸਪਤਾਲ ਦੇ ਡਾਕਟਰ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਪੂਰਾ ਮਾਮਲਾ

Wednesday, Oct 13, 2021 - 11:27 AM (IST)

ਜਲੰਧਰ (ਜ. ਬ.)– ਮਾਡਲ ਟਾਊਨ ਰੋਡ ਸਥਿਤ ਗਾਰਡੀਅਨ ਹਸਪਤਾਲ ਵਿਚ ਡਾਕਟਰ ਵੱਲੋਂ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਕਾਰਨ 16 ਸਾਲਾ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 304 ਤਹਿਤ ਕੇਸ ਦਰਜ ਕਰ ਲਿਆ ਹੈ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਦਾ ਕਹਿਣਾ ਹੈ ਕਿ ਕੇਸ ਵਿਚ ਸ਼ਰਾਬ ਦੇ ਨਸ਼ੇ ਵਿਚ ਇਲਾਜ ਕਰਨ ਵਾਲੇ ਨਕੋਦਰ ਵਾਸੀ ਡਾ. ਜਤਿੰਦਰ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਦੂਜੇ ਪਾਸੇ ਹਸਪਤਾਲ ਖ਼ਿਲਾਫ਼ ਕੇਸ ਦਰਜ ਹੋਣ ਕਾਰਨ ਸ਼ਹਿਰ ਦੇ ਡਾਕਟਰਾਂ ਦੀ ਲਾਬੀ ਇਕਜੁੱਟ ਹੋ ਚੁੱਕੀ ਹੈ, ਜਿਹੜੀ ਕਿ ਹਸਪਤਾਲ ਦੇ ਹੱਕ ਵਿਚ ਉਤਰਨ ਲਈ ਤਿਆਰ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਬੰਧੀ ਕਈ ਮੈਡੀਕਲ ਯੂਨੀਅਨਾਂ ਵੱਲੋਂ ਪੁਲਸ ਦੇ ਉੱਚ ਅਧਿਕਾਰੀਆਂ ’ਤੇ ਦਬਾਅ ਵੀ ਬਣਾਇਆ ਜਾ ਰਿਹਾ ਹੈ ਤਾਂ ਕਿ ਹਸਪਤਾਲ ਖ਼ਿਲਾਫ਼ ਕਾਰਵਾਈ ਨਾ ਹੋ ਸਕੇ। ਇਸ ਸਬੰਧੀ ਹਸਪਤਾਲ ਦੇ ਮੁੱਖ ਡਾਕਟਰ ਸੰਜੀਵ ਗੋਇਲ ਦਾ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦਾ ਫੋਨ ਬੰਦ ਸੀ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਵੀ ਸੜੀਆਂ

ਜ਼ਿਕਰਯੋਗ ਹੈ ਕਿ ਮੁਕੇਰੀਆਂ ਨਿਵਾਸੀ ਪੀੜਤ ਚੰਦਰਸ਼ੀਲ ਦੇ ਬੇਟੇ ਵੰਸ਼ (16) ਦਾ ਮੁਕੇਰੀਆਂ ਵਿਚ ਬੱਸ ਦੀ ਟੱਕਰ ਕਾਰਨ ਐਕਸੀਡੈਂਟ ਹੋ ਗਿਆ ਸੀ। ਹਾਦਸੇ ਵਿਚ ਉਸ ਦੀਆਂ ਪਸਲੀਆਂ ਟੁੱਟ ਚੁੱਕੀਆਂ ਸਨ। ਉਸਨੂੰ ਜਦੋਂ ਮੁਕੇਰੀਆਂ ਦੇ ਲੋਕਲ ਹਸਪਤਾਲ ਵਿਚ ਲੈ ਕੇ ਗਏ ਤਾਂ ਉਥੋਂ ਦੇ ਡਾਕਟਰਾਂ ਨੇ ਕਹਿ ਦਿੱਤਾ ਕਿ ਉਹ ਜਲੰਧਰ ਚਲੇ ਜਾਣ ਕਿਉਂਕਿ ਹੱਡੀਆਂ ਦੇ ਸਪੈਸ਼ਲਿਸਟ ਜਲੰਧਰ ਵਿਚ ਕਾਫੀ ਜ਼ਿਆਦਾ ਹਨ। ਇਸ ਤੋਂ ਬਾਅਦ ਡਾਕਟਰਾਂ ਵੱਲੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਜਲੰਧਰ ਪਹੁੰਚੇ ਤਾਂ ਉਨ੍ਹਾਂ ਗਾਰਡੀਅਨ ਹਸਪਤਾਲ ਵਿਚ ਆਪਣੇ ਬੇਟੇ ਨੂੰ ਦਾਖਲ ਕਰਵਾ ਦਿੱਤਾ, ਜਿੱਥੇ ਇਲਾਜ ਤੋਂ ਪਹਿਲਾਂ ਹੀ ਡਾਕਟਰਾਂ ਵੱਲੋਂ ਗਲਤ ਰਵੱਈਆ ਦਿਖਾਇਆ ਗਿਆ। ਜਿਵੇਂ-ਕਿਵੇਂ ਮਰੀਜ਼ ਨੂੰ ਦਾਖਲ ਕਰ ਲਿਆ ਗਿਆ ਅਤੇ ਮਹਿਜ਼ ਇਕ ਇੰਜੈਕਸ਼ਨ ਲਾਉਣ ਤੋਂ ਬਾਅਦ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਇਹ ਵੀ ਪੜ੍ਹੋ: ਦਿੱਲੀ ਧਰਨੇ ਤੋਂ ਪਰਤ ਰਹੇ ਨੌਜਵਾਨ ਨੂੰ ਟਰੇਨ 'ਚ ਮੌਤ ਨੇ ਪਾਇਆ ਘੇਰਾ, ਚਾਚੇ ਦੀਆਂ ਅੱਖਾਂ ਸਾਹਮਣੇ ਤੋੜਿਆ ਦਮ

ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਮੌਕੇ ’ਤੇ ਮੌਜੂਦ ਡਾਕਟਰ ਜਤਿੰਦਰ ਕੋਲੋਂ ਪੁੱਛਿਆ ਤਾਂ ਉਨ੍ਹਾਂ ਵੱਲੋਂ ਗਲਤ ਸਲੂਕ ਕੀਤਾ ਗਿਆ ਅਤੇ ਹੱਥੋਪਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਮੌਕੇ ’ਤੇ ਪਹੁੰਚੇ ਸੈਂਟਰਲ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਚੰਦਨ ਗਰੇਵਾਲ ਨੇ ਪੁਲਸ ਕੋਲੋਂ ਮੰਗ ਕੀਤੀ ਕਿ ਮੁਲਜ਼ਮ ਡਾਕਟਰ ਸਮੇਤ ਹਸਪਤਾਲ ਦੇ ਸਟਾਫ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਏ. ਸੀ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡਾ. ਜਤਿੰਦਰ ਨੇ ਕੁਝ ਵੀ ਨਹੀਂ ਕਿਹਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News