ਯੂਥ ਕਾਂਗਰਸ ਨੇ ਰੇਲ ਰੋਕ ਕੇ ਕਿਸਾਨਾਂ ਦੇ ਹੱਕ ''ਚ ਆਵਾਜ਼ ਕੀਤੀ ਬੁਲੰਦ

Friday, Jun 09, 2017 - 07:58 AM (IST)

ਯੂਥ ਕਾਂਗਰਸ ਨੇ ਰੇਲ ਰੋਕ ਕੇ ਕਿਸਾਨਾਂ ਦੇ ਹੱਕ ''ਚ ਆਵਾਜ਼ ਕੀਤੀ ਬੁਲੰਦ

ਹੁਸ਼ਿਆਰਪੁਰ, (ਘੁੰਮਣ)- ਲੋਕ ਸਭਾ ਹਲਕਾ ਤੇ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਯੂਥ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਵੱਲੋਂ ਰਾਸ਼ਟਰੀ ਯੂਥ ਕਾਂਗਰਸ ਦੇ ਨਿਰਦੇਸ਼ਾਂ 'ਤੇ ਰੇਲ ਰੋਕੋ ਅੰਦੋਲਨ ਤਹਿਤ ਹੁਸ਼ਿਆਰਪੁਰ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਰੋਕ ਕੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਲੋਕ ਸਭਾ ਹਲਕੇ ਦੇ ਯੂਥ ਪ੍ਰਧਾਨ ਰੋਹਿਤ ਜੋਸ਼ੀ ਤੇ ਵਿਧਾਨ ਸਭਾ ਹਲਕੇ ਦੇ ਪ੍ਰਧਾਨ ਨਵਪ੍ਰੀਤ ਰੈਹਲ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਯੂਥ ਕਾਂਗਰਸੀ ਵਰਕਰਾਂ ਨੇ ਜਲੰਧਰ ਜਾਣ ਵਾਲੀ ਰੇਲ ਗੱਡੀ ਨੂੰ ਰੋਕ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਰੋਹਿਤ ਤੇ ਨਵਪ੍ਰੀਤ ਰੈਹਲ ਨੇ ਕਿਹਾ ਕਿ ਭਾਜਪਾ ਸਰਕਾਰਾਂ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਕਰਨ 'ਚ ਬੁਰੀ ਤਰ੍ਹਾਂ ਅਸਫ਼ਲ ਸਾਬਤ ਹੋਈਆਂ ਹਨ ਜਿਸਦੇ ਸਿੱਟੇ ਵਜੋਂ ਅੱਜ ਕਿਸਾਨਾਂ ਨੂੰ ਸੜਕਾਂ 'ਤੇ ਉੱਤਰ ਕੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣੀ ਪੈ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨ. ਡੀ. ਏ. ਸਰਕਾਰ ਤੇ ਮੱਧ ਪ੍ਰਦੇਸ਼ 'ਚ ਸ਼ਿਵ ਰਾਜ ਚੌਹਾਨ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ 'ਤੇ ਗੋਲੀਆਂ ਚਲਾ ਰਹੀ ਹੈ, ਜਿਸ ਕਾਰਨ ਮੱਧ ਪ੍ਰਦੇਸ਼ 'ਚ 5 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਜ਼ਖ਼ਮੀ ਹੋ ਗਏ ਹਨ। 
ਆਗੂਆਂ ਨੇ ਕਿਹਾ ਕਿ ਜੇਕਰ ਕੇਂਦਰ ਤੇ ਮੱਧ ਪ੍ਰਦੇਸ਼ ਸਰਕਾਰ ਨੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਜਲਦ ਲੋੜੀਂਦੇ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਵਿਚ ਸਮੁੱਚੀ ਯੂਥ ਕਾਂਗਰਸ ਕਿਸਾਨਾਂ ਦੇ ਸਮਰਥਨ 'ਚ ਆ ਕੇ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਹੈ ਤੇ ਭਵਿੱਖ ਵਿਚ ਵੀ ਉਹ ਆਪਣੇ ਇਸ ਕਥਨ 'ਤੇ ਅਟੱਲ ਰਹੇਗੀ। ਇਸ ਸਮੇਂ ਹਰਜਿੰਦਰ ਕੌਰ, ਸੌਰਵ ਖੁੱਲਰ, ਸਾਬੀ ਦਸੂਹਾ, ਦਿਨੇਸ਼ ਵਾਲੀਆ, ਗੋਲਡੀ ਕਮਾਲਪੁਰ, ਹਰਜੋਤ ਸੰਘਾ, ਗੌਰਵ, ਕਮਲ ਭੱਟੀ, ਜਗਦੀਪ ਸਿੰਘ, ਵਿਨੋਦ ਕੁਮਾਰ, ਮੇਜਰ ਸਿੰਘ ਸਰਪੰਚ ਤੇ ਸੋਢੀ ਅੱਤੋਵਾਲ ਸਮੇਤ ਵੱਡੀ ਗਿਣਤੀ 'ਚ ਯੂਥ ਕਾਂਗਰਸ ਦੇ ਵਰਕਰ ਮੌਜੂਦ ਸਨ। 


Related News