ਪਤਨੀ ਤੇ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸ਼ੀ
Wednesday, Apr 27, 2022 - 09:56 AM (IST)

ਲੁਧਿਆਣਾ (ਰਾਜ) : ਪਤਨੀ ਅਤੇ ਸਹੁਰਿਆਂ ਤੋਂ ਪਰੇਸ਼ਾਨ ਹੋ ਕੇ ਪ੍ਰਤਾਪ ਸਿੰਘ ਵਾਲਾ ਦੇ ਨੌਜਵਾਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਰਮਨਦੀਪ ਸਿੰਘ (29) ਵੱਜੋਂ ਹੋਈ ਹੈ। ਕੰਟਰੋਲ ਰੂਮ ’ਤੇ ਸੂਚਨਾ ਮਿਲਣ ’ਤੇ ਥਾਣਾ ਪੀ. ਏ. ਯੂ. ਦੀ ਪੁਲਸ ਮੌਕੇ ’ਤੇ ਆਈ। ਮ੍ਰਿਤਕ ਦੀ ਜੇਬ ’ਚੋਂ ਇਕ ਖ਼ੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਉਸ ਨੇ ਆਪਣੀ ਪਤਨੀ ਅਤੇ ਸੱਸ-ਸਹੁਰਾ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਨੇ ਇਸ ਮਾਮਲੇ ’ਚ ਮ੍ਰਿਤਕ ਦੀ ਮਾਂ ਸੁਰਜੀਤ ਕੌਰ ਦੇ ਬਿਆਨਾਂ ’ਤੇ ਪਤਨੀ ਕਿਰਨਦੀਪ ਕੌਰ, ਸੱਸ ਹਰਜੀਤ ਕੌਰ ਅਤੇ ਸਹੁਰੇ ਸ਼ੇਰ ਸਿੰਘ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕਰ ਲਿਆ ਹੈ।
ਸੁਰਜੀਤ ਕੌਰ ਨੇ ਪੁਲਸ ਨੂੰ ਸ਼ਿਕਾਇਤ ’ਚ ਦੱਸਿਆ ਕਿ ਉਹ ਲਾਦੀਆਂ ਦੀ ਗਣਪਤੀ ਕਾਲੋਨੀ ’ਚ ਰਹਿੰਦੇ ਹਨ। ਉਸ ਦਾ ਸਭ ਤੋਂ ਛੋਟਾ ਪੁੱਤਰ ਰਮਨਦੀਪ ਸਿੰਘ ਹੈ, ਜਿਸ ਦਾ ਵਿਆਹ ਕਰੀਬ 4 ਸਾਲ ਪਹਿਲਾਂ ਕਿਰਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਮੁਲਜ਼ਮਾਂ ਨੇ ਰਮਨਦੀਪ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੁੱਟ-ਮਾਰ ਕਰਨ ਲੱਗੇ, ਜਿਸ ਤੋਂ ਬਾਅਦ ਨੂੰਹ ਕਿਰਨਦੀਪ ਕੌਰ ਨੇ ਵੱਖਰੇ ਰਹਿਣ ਦੀ ਜ਼ਿੱਦ ਸ਼ੁਰੂ ਕਰ ਦਿੱਤੀ ਅਤੇ ਰਮਨਦੀਪ ਸਿੰਘ ਕਿਰਨ ਨੂੰ ਲੈ ਕੇ ਪ੍ਰਤਾਪ ਸਿੰਘ ਵਾਲਾ ਵਿਚ ਵੱਖਰਾ ਕਿਰਾਏ ’ਤੇ ਰਹਿਣ ਲੱਗਾ। ਉੱਥੇ ਵੀ ਮੁਲਜ਼ਮਾਂ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਣ ਲੱਗਾ ਅਤੇ ਕੁੱਟ-ਮਾਰ ਕਰਨ ਲੱਗੇ ਕਿਰਨ ਅਤੇ ਰਮਨ ਦੇ ਘਰ ਇਕ ਧੀ ਨੇ ਜਨਮ ਲਿਆ।
ਕੁੱਝ ਦਿਨ ਤਾਂ ਸਹੀ ਰਹੇ ਪਰ ਫਿਰ ਰਮਨ ’ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਪਰੇਸ਼ਾਨ ਕਰਨ ਲੱਗੇ, ਜਿਸ ਕਾਰਨ ਮੰਗਲਵਾਰ ਦੀ ਸਵੇਰ ਰਮਨਦੀਪ ਨੇ ਘਰ ਵਿਚ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਕਿਰਨ ਕਮਰੇ ਵਿਚ ਗਈ ਤਾਂ ਅੰਦਰ ਰਮਨ ਰੱਸੀ ਦੇ ਸਹਾਰੇ ਲਟਕ ਰਿਹਾ ਸੀ। ਉਸ ਨੇ ਰੌਲਾ ਪਾਉਣ ’ਤੇ ਲੋਕਾਂ ਨੇ ਥੱਲੇ ਉਤਾਰਿਆ ਤਾਂ ਰਮਨ ਦਾ ਸਾਹ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਦੀ ਮੌਤ ਹੋ ਗਈ। ਥਾਣਾ ਪੀ. ਏ. ਯੂ. ਦੇ ਸਬ-ਇੰਸਪਕੈਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜਲਦ ਫੜ੍ਹ ਲਏ ਜਾਣਗੇ। ਰਮਨਦੀਪ ਦੀ ਲਾਸ਼ ਦਾ ਬੁੱਧਵਾਰ ਨੂੰ ਪੋਸਟਮਾਰਟਮ ਕੀਤਾ ਜਾਵੇਗਾ।