ਥਾਣੇ ਤੇ ਚੌਕੀ ਤੋਂ ਕੁੱਝ ਕਦਮਾਂ ਦੀ ਦੂਰੀ ’ਤੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨੇ ਵੱਢੇ 2 ਨੌਜਵਾਨ
Tuesday, Mar 01, 2022 - 03:47 PM (IST)
ਲੁਧਿਆਣਾ (ਰਾਜ) : ਬਦਮਾਸ਼ਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਪੁਲਸ ਤੱਕ ਦਾ ਖ਼ੌਫ ਨਹੀਂ ਰਿਹਾ। ਐਤਵਾਰ ਦੇਰ ਰਾਤ ਦਰਜਨ ਭਰ ਹਥਿਆਰਬੰਦ ਨੌਜਵਾਨਾਂ ਨੇ ਥਾਣੇ ਅਤੇ ਚੌਕੀ ਤੋਂ ਚੰਦ ਕਦਮ ਦੂਰ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਹਮਲਾਵਰਾਂ ਨੇ ਮਾਮੂਲੀ ਗੱਲ ਨੂੰ ਲੈ ਕੇ ਐਕਟਿਵਾ ਸਵਾਰ 2 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂਕਿ ਘਟਨਾ ਸਥਾਨ ਤੋਂ ਕੁਝ ਹੀ ਦੂਰੀ ’ਤੇ ਪੁਲਸ ਦਾ ਨਾਕਾ ਵੀ ਲੱਗਾ ਹੋਇਆ ਹੈ। ਝਗੜਾ ਦੇਖ ਕੇ ਇਕ ਪੁਲਸ ਮੁਲਾਜ਼ਮ ਆਇਆ ਪਰ ਤੇਜ਼ਧਾਰ ਹਥਿਆਰ ਦਿਖਾ ਕੇ ਹਮਲਾਵਰਾਂ ਨੇ ਉਸ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਉਹ ਪੈਰਾਮਿਲਟਰੀ ਦੇ ਜਵਾਨ ਨਾਲ ਲੈ ਕੇ ਆਇਆ ਤਾਂ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਦੇਰ ਰਾਤ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ’ਚ ਇਲਾਜ ਹੋਇਆ। ਇਸ ਤੋਂ ਬਾਅਦ ਜ਼ਖ਼ਮੀਆਂ ਨੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਇਹ ਵੀ ਪੜ੍ਹੋ : ਮਜੀਠਾ ’ਚ ਵੱਡੀ ਵਾਰਦਾਤ, ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲ਼ਾ
ਜਾਣਕਾਰੀ ਦਿੰਦੇ ਹੋਏ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ ਦੇ ਸਾਈਕਲ ਸਟੈਂਡ ’ਤੇ ਕੰਮ ਕਰਦਾ ਹੈ। ਐਤਵਾਰ ਦੇਰ ਰਾਤ ਨੂੰ ਉਹ ਆਪਣੇ ਦੋਸਤ ਵਿਜੇ ਕੁਮਾਰ ਨਾਲ ਐਕਟਿਵਾ ’ਤੇ ਹੋਰ ਦੋਸਤ ਨੂੰ ਮਿਲਣ ਜਾ ਰਹੇ ਸਨ। ਜਦੋਂ ਉਹ ਸਿਵਲ ਹਸਪਤਾਲ ਦੇ ਬਾਹਰ ਪੁੱਜੇ ਤਾਂ ਕੁਝ ਅਣਪਛਾਤੇ ਹਥਿਆਰਬੰਦ ਨੌਜਵਾਨ ਖੜ੍ਹੇ ਹੋਏ ਸਨ। ਮੁਲਜ਼ਮਾਂ ਦਾ ਦਾਤਰ ਉਸ ਦੀ ਐਕਟਿਵਾ ’ਤੇ ਲੱਗ ਗਿਆ ਸੀ। ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਦਾਤਰ ਐਕਟਿਵਾ ’ਤੇ ਲੱਗ ਗਿਆ ਹੈ। ਇਸ ਨੂੰ ਪਾਸੇ ਕਰ ਲੈ। ਇਸ ਤੋਂ ਬਾਅਦ ਉਕਤ ਮੁਲਜ਼ਮ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੋਵਾਂ ’ਤੇ ਹਮਲਾ ਕਰ ਦਿੱਤਾ। ਦੋਵਾਂ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਹਮਲਾ ਕੀਤਾ, ਜਿਸ ਕਾਰਨ ਉਹ ਦੋਵੇਂ ਬੇਹੋਸ਼ ਹੋ ਗਏ ਸਨ। ਹੈਰਾਨ ਕਰਨੀ ਵਾਲੀ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਚੰਦ ਕਦਮ ਦੂਰ ਪੁਲਸ ਦਾ ਨਾਕਾ ਵੀ ਲੱਗਾ ਹੋਇਆ ਸੀ। ਇਸ ਤੋਂ ਬਾਅਦ ਨਾਕੇ ’ਤੇ ਖੜ੍ਹਾ ਸਿਵਲ ਹਸਪਤਾਲ ਚੌਕੀ ਦਾ ਇਕ ਏ. ਐੱਸ. ਆਈ. ਉਨ੍ਹਾਂ ਕੋਲ ਆਇਆ ਪਰ ਹਮਲਾਵਰਾਂ ਨੇ ਉਸ ਨੂੰ ਭਜਾ ਦਿੱਤਾ। ਜਦੋਂ ਨਾਕੇ ਤੋਂ ਪੈਰਾਮਿਲਟਰੀ ਦੇ ਜਵਾਨ ਆਏ ਤਾਂ ਉਨ੍ਹਾਂ ਨੂੰ ਦੇਖ ਕੇ ਮੁਲਜ਼ਮ ਫਰਾਰ ਹੋ ਗਏ।
ਇਹ ਵੀ ਪੜ੍ਹੋ : ਪੁੱਤ ਤੋਂ ਫੋਨ ਕਰਵਾ ਕੇ ਪਹਿਲਾਂ ਸਹੁਰੇ ਘਰ ਬੁਲਾਇਆ ਪਤੀ, ਫਿਰ ਕਤਲ ਕਰਕੇ ਸ਼ਮਸ਼ਾਨਘਾਟ ’ਚ ਦੱਬ ਦਿੱਤੀ ਲਾਸ਼
ਜ਼ਖਮੀ ਗੁਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਸੀ। ਉਸ ਦੇ ਸਿਰ ’ਤੇ 40 ਟਾਂਕੇ ਲੱਗੇ ਹਨ, ਜਦੋਂਕਿ ਜ਼ਖ਼ਮੀ ਵਿਜੇ ਦਾ ਕਹਿਣਾ ਹੈ ਕਿ ਉਥੇ ਖੜ੍ਹੇ ਕੁਝ ਨੌਜਵਾਨਾਂ ਨੇ ਮੁਲਜ਼ਮਾਂ ਦੇ ਬਾਈਕ ਦਾ ਨੰਬਰ ਵੀ ਨੋਟ ਕੀਤਾ ਹੈ, ਜੋ ਉਨ੍ਹਾਂ ਨੇ ਪੁਲਸ ਨੂੰ ਦੇ ਦਿੱਤਾ ਹੈ। ਉਧਰ, ਸਿਵਲ ਹਸਪਤਾਲ ਦੇ ਚੌਕੀ ਇੰਚਾਰਜ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਨੇ ਥਾਣਾ ਡਵੀਜ਼ਨ ਨੰ. 2 ’ਚ ਸ਼ਿਕਾਇਤ ਦਿੱਤੀ ਹੈ। ਮੁਲਜ਼ਮਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜਲਦ ਮੁਲਜ਼ਮਾਂ ’ਤੇ ਕਾਰਵਾਈ ਕਰ ਕੇ ਉਨ੍ਹਾਂ ਨੂੰ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ : ਭਰਾ ਦੀਆਂ ਸ਼ਰਮਨਾਕ ਕਰਤੂਤਾਂ ਤੋਂ ਦੁਖੀ ਭੈਣ ਨੇ ਅੰਤ ਚੁੱਕਿਆ ਦਿਲ ਕੰਬਾਉਣ ਵਾਲਾ ਕਦਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?