ਪਟਿਆਲਾ ’ਚ ਫਿਰ ਵੱਡੀ ਵਾਰਦਾਤ, ਭਰੇ ਬਾਜ਼ਾਰ ’ਚ ਤਲਵਾਰਾਂ ਤੇ ਗੰਡਾਸਿਆਂ ਨਾਲ ਵੱਢਿਆ ਨੌਜਵਾਨ
Sunday, Apr 24, 2022 - 03:29 PM (IST)
ਪਟਿਆਲਾ (ਬਲਜਿੰਦਰ) : ਸਥਾਨਕ ਸ਼ਹਿਰ ’ਚ ਗੁੰਡਾਗਰਦੀ ਦੀਆਂ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਤਾਜ਼ਾ ਵਾਰਦਾਤ ’ਚ ਰਵੀ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਜਗਦੀਸ਼ ਕਾਲੋਨੀ ਰਾਜਪੁਰਾ ਰੋਡ ਪਟਿਆਲਾ ਦੀ ਹੈ, ਜਿੱਸ ਦੀ ਅੱਧਾ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕੀਤੀ ਅਤੇ ਕਾਫੀ ਦੇਰ ਤੱਕ ਤਲਵਾਰਾਂ ਅਤੇ ਗੰਡਾਸਿਆਂ ਨਾਲ ਵੱਢ-ਟੁੱਕ ਕਰ ਕੇ ਲਹੂ ਲੁਹਾਨ ਕਰ ਦਿੱਤਾ। ਰਵੀ ਕੁਮਾਰ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ। ਰਵੀ ਕੁਮਾਰ ਦੇ ਲੱਤਾਂ ਅਤੇ ਬਾਹਾਂ ’ਤੇ ਕਈ ਥਾਵਾਂ ’ਤੇ ਕੱਟ ਲੱਗੇ ਹੋਏ ਹਨ, ਜਿਸ ਦੀ ਸ਼ਿਕਾਇਤ ’ਤੇ ਇਸ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਇੰਦਰ, ਮਨੀ, ਕਾਲੜਾ, ਰਿਤਿਕ, ਸਾਗਰ ਕੁਆਟਰਾਂ ਵਾਲਾ, ਗੁਰੀ ਅਤੇ 3-4 ਹੋਰ ਵਿਅਕਤੀਆਂ ਖ਼ਿਲਾਫ 323, 324, 341, 506, 148 ਅਤੇ 149 ਆਈ.ਪੀ.ਸੀ ਦੇ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਪੁਲਸ ਦਾ ਦਾਅਵਾ ਹੈ ਕਿ ਮੈਡੀਕਲ ਰਿਪੋਰਟ ਤੋਂ ਬਾਅਦ ਧਾਰਵਾਂ ਵਿਚ ਵਾਧਾ ਕਰ ਦਿੱਤਾ ਜਾਵੇਗਾ। ਸ਼ਹਿਰ ’ਚ ਪਿਛਲੇ ਇਕ ਮਹੀਨੇ ਵਿਚ ਇਹ 7ਵੀ ਵਾਰਦਾਤ ਹੈ, ਜਿਸ ਵਿਚ ਗੁੰਡਾਗਰਦੀ ਦਾ ਨੰਗਾ-ਨਾਚ ਦੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ : ਨੂਰਪੁਰਬੇਦੀ ’ਚ ਕੁਆਰੀ ਕੁੜੀ ਵਲੋਂ ਬੱਚੀ ਨੂੰ ਜਨਮ ਦੇਣ ਵਾਲੇ ਮਾਮਲੇ ’ਚ ਨਵਾਂ ਮੋੜ, ਸਾਹਮਣੇ ਆਇਆ ਸੱਚ
ਦਿਲ ਕੰਬਾਅ ਦੇਣ ਵਾਲੀ ਇਹ ਵਾਰਦਾਤ ਉਥੇ ਦੁਕਾਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਮਲਾਵਰ ਜ਼ਮੀਨ ’ਤੇ ਡਿੱਗੇ ਨੌਜਵਾਨ ’ਤੇ ਕਿਰਪਾਨ ਅਤੇ ਗੰਡਾਸਿਆਂ ਨਾਲ ਹਮਲਾ ਕਰ ਰਹੇ ਹਨ। ਇਸ ਦੌਰਾਨ ਪੀੜਤ ਨੌਜਵਾਨ ਅਤੇ ਦੁਕਾਨ ਵਿਚ ਸ਼ਾਮਲ ਬਜ਼ੁਰਗ ਵਿਅਕਤੀ ਹਮਲਾਵਰਾਂ ਨੂੰ ਹੱਥ ਜੋੜ ਕੇ ਛੱਡਣ ਦੀ ਅਪੀਲ ਵੀ ਕਰਦੇ ਹਨ ਪਰ ਇਸ ਦੇ ਬਾਵਜੂਦ ਉਹ ਨੌਜਵਾਨ ਨੂੰ ਨਹੀਂ ਬਖਸ਼ਦੇ।
ਇਹ ਵੀ ਪੜ੍ਹੋ : 38 ਸਾਲ ਦੇ ਜੀਜੇ ਨੇ 23 ਸਾਲਾ ਸਾਲੀ ਨਾਲ ਟੱਪੀਆਂ ਹੱਦਾਂ, ਤਸਵੀਰਾਂ ਖਿੱਚ ਕੇ 5 ਮਹੀਨਿਆਂ ਤੱਕ ਰੋਲਦਾ ਰਿਹਾ ਪੱਤ
ਉਧਰ ਰਵੀ ਕੁਮਾਰ ਨੇ ਦੱਸਿਆ ਕਿ ਉਹ ਰਾਤ ਨੂੰ ਆਪਣੇ ਦੋਸਤ ਸੁਖਦੇਵ ਸਿੰਘ ਨਾਲ ਥਾਣਾ ਕੋਤਵਾਲੀ ਦੇ ਅਧੀਨ ਪੈਂਦੀ ਸਬਜ਼ੀ ਮੰਡੀ ’ਚ ਜਾ ਰਿਹਾ ਸੀ, ਜਿਥੇ ਉਕਤ ਵਿਅਕਤੀਆਂ ਨੇ ਉਸ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉਹ ਬਚਣ ਲਈ ਇਕ ਦੁਕਾਨ ਵਿਚ ਵੜ ਗਿਆ, ਜਿਥੋਂ ਬਾਹਰ ਕੱਢ ਕੇ ਉਸ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਫੁਟੇਜ਼ ਵਿਚ ਕੈਦ ਹੋ ਗਈ, ਜਿਸ ’ਚ ਹਮਲਾਵਰ ਕਾਫੀ ਦੇਰ ਤੱਕ ਉਸ ’ਤੇ ਵਾਰ ਕਰਦੇ ਰਹੇ। ਜ਼ਖ਼ਮੀ ਰਵੀ ਕੁਮਾਰ ਨੇ ਦੱਸਿਆ ਕਿ ਲਗਭਗ 8 ਮਹੀਨੇ ਪਹਿਲਾਂ ਕੁਝ ਵਿਅਕਤੀ ਉਸ ਦੇ ਘਰ ਦੇ ਕੋਲ ਬੁਲੇਟ ਦੇ ਪਟਾਕੇ ਮਾਰਦੇ ਸਨ ਅਤੇ ਝਗੜਾ ਕਰਨ ਆਏ ਸਨ, ਜਿਸ ਦਾ ਉਸ ਨੇ ਨਿਪਟਾਰਾ ਕਰਵਾ ਦਿੱਤਾ ਸੀ, ਜਿਸ ਦੀ ਉਹ ਰੰਜਿਸ਼ ਰੱਖਦੇ ਸਨ ਅਤੇ ਕੁਝ ਦਿਨ ਪਹਿਲਾਂ ਵੀ ਉਸ ਦੀ ਘੇਰ ਕੇ ਕੁੱਟਮਾਰ ਕੀਤੀ। ਇਸ ਸਬੰਧ ਵਿਚ ਕੇਸ ਵੀ ਦਰਜ ਕਰਵਾਇਆ ਸੀ ਪਰ ਕੋਈ ਗ੍ਰਿਫਤਾਰੀ ਨਹੀਂ ਹੋਈ, ਜਿਸ ਦੇ ਕਾਰਨ ਉਨ੍ਹਾਂ ਫੇਰ ਤੋਂ ਉਸ ਨੂੰ ਜਾਨੋ ਮਾਰਨ ਦੇ ਇਰਾਦੇ ਨਾਲ ਉਸ ’ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਕਣਕ ਦਾ ਝਾੜ ਘੱਟ ਨਿਕਲਣ ’ਤੇ ਦੁਖੀ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ, ਤਿੰਨ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?