ਖ਼ੁਦ ਨੂੰ ਮੁੱਖ ਮੰਤਰੀ ਦਾ PA ਦੱਸ ਰਜਿਸਟਰੀ ਕਰਨ ਦੇ ਦਿੱਤੇ ਹੁਕਮ, ਗ੍ਰਿਫ਼ਤਾਰ

05/03/2022 2:20:38 PM

ਲੁਧਿਆਣਾ (ਗੌਤਮ) : ਇਕ ਨੌਜਵਾਨ ਨੇ ਖ਼ੁਦ ਨੂੰ ਮੁੱਖ ਮੰਤਰੀ ਦਾ ਪੀ. ਏ. ਦੱਸਦੇ ਹੋਏ ਰਜਿਸਟਰਾਰ ਅਤੇ ਨਾਇਬ ਤਹਿਸੀਲਦਾਰ ਨੂੰ ਫੋਨ ਕਰਕੇ ਮੁੱਖ ਮੰਤਰੀ ਦੇ ਖ਼ਾਸ ਆਦਮੀਆਂ ਦੀ ਰਜਿਸਟਰੀ ਕਰਨ ਦੇ ਹੁਕਮ ਦਿੱਤੇ। ਨੌਜਵਾਨ ਨੇ ਅਫ਼ਸਰਾਂ ਨੂੰ ਦਸਤਾਵੇਜ਼ ਪੂਰੇ ਨਾ ਹੋਣ 'ਤੇ ਵੀ ਰਜਿਸਟਰੀ ਕਰਨ ਲਈ ਕਿਹਾ ਪਰ ਨੌਜਵਾਨ ਦੇ ਗੱਲਬਾਤ ਕਰਨ ਦੇ ਢੰਗ 'ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਸ ਦੀ ਪੜਤਾਲ ਕੀਤੀ। ਇਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਨੌਜਵਾਨ ਫਰਜ਼ੀ ਪੀ. ਏ. ਬਣ ਕੇ ਉਨ੍ਹਾਂ ਨੂੰ ਧਮਕਾ ਰਿਹਾ ਸੀ, ਜਿਸ ਦੀ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।

ਪੁਲਸ ਨੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਨੇ ਦੋਸ਼ੀ ਦੀ ਪਛਾਣ ਦੁੱਗਰੀ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੇ ਤੌਰ 'ਤੇ ਕੀਤੀ ਹੈ, ਜੋ ਕਿ ਖ਼ੁਦ ਨੂੰ ਐਡਵੋਕੇਟ ਦੱਸਦਾ ਹੈ। ਦੋਸ਼ੀ ਦੇ ਖ਼ਿਲਾਫ ਪੁਲਸ ਨੇ ਸਬ ਰਜਿਸਟਰਾਰ ਪੱਛਮੀ ਡਾ. ਵਿਨੇ ਬਾਂਸਲ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਦੇ ਬਿਆਨ 'ਤੇ ਕਾਰਵਾਈ ਕੀਤੀ ਗਈ ਹੈ। ਏ. ਐੱਸ. ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
 


Babita

Content Editor

Related News