ਦੇਸ਼ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਵਾਲਾ ਨੌਜਵਾਨ ਗ੍ਰਿਫ਼ਤਾਰ, ਜਾਸੂਸ ਕੁੜੀ ਨੇ ਇੰਝ ਜਾਲ 'ਚ ਫਸਾਇਆ
Tuesday, Sep 14, 2021 - 09:50 AM (IST)
ਲੁਧਿਆਣਾ (ਰਿਸ਼ੀ) : ਪਾਕਿਸਤਾਨ ਖੁਫ਼ੀਆ ਏਜੰਸੀ (ਪੀ. ਆਈ. ਓ.) ਵਿਚ ਕੰਮ ਕਰਨ ਵਾਲੀ ਇਕ ਕੁੜੀ ਨੇ 35 ਸਾਲਾ ਨੌਜਵਾਨ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਜਾਲ ’ਚ ਫਸਾ ਲਿਆ ਅਤੇ ਫਿਰ ਉਸ ਦੇ ਮੋਬਾਇਲ ਨੰਬਰਾਂ ’ਤੇ ਇਕ-ਇਕ ਕਰ ਕੇ 3 ਵ੍ਹਟਸਐਪ ਨੰਬਰ ਲੈ ਲਏ। ਇਸ ਤੋਂ ਬਾਅਦ 7 ਡਿਫੈਂਸ ਮੁਲਾਜ਼ਮਾਂ ਨਾਲ ਸੋਸ਼ਲ ਮੀਡੀਆ ਜ਼ਰੀਏ ਨਜ਼ਦੀਕੀਆਂ ਵਧਾ ਕੇ ਉਨ੍ਹਾਂ ਦੇ 2 ਗਰੁੱਪਾਂ ’ਚ ਸ਼ਾਮਲ ਹੋ ਗਈ। ਇਸ ਤੋਂ ਬਾਅਦ ਗਰੁੱਪ ਦੀ ਸਾਰੀ ਗੱਲਬਾਤ ’ਤੇ ਨਿਗਰਾਨੀ ਰੱਖਣ ਲੱਗ ਪਈ। ਇਸ ਕੇਸ ਦਾ ਪਤਾ ਲੱਗਦੇ ਹੀ ਹਰਕਤ ਵਿਚ ਆਈ ਸੀ. ਆਈ. ਏ.-3 ਦੀ ਪੁਲਸ ਨੇ ਜੋਧਪੁਰ ਏਅਰਫੋਰਸ ਇੰਟੈਲੀਜੈਂਸੀ ਨਾਲ ਮਿਲ ਕੇ ਪਹਿਲਾਂ ਨੌਜਵਾਨ ਨੂੰ ਪ੍ਰਤਾਪ ਚੌਂਕ ਨੇੜਿਓਂ ਦਬੋਚ ਕੇ ਡਵੀਜ਼ਨ ਨੰ. 6 ਵਿਚ ਕੇਸ ਦਰਜ ਕੀਤਾ ਅਤੇ ਹੁਣ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੰਗਲਵਾਰ ਨੂੰ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਏ. ਸੀ. ਪੀ. ਪਵਨਜੀਤ ਸਿੰਘ ਮੁਤਾਬਕ ਨਾਮਜ਼ਦ ਨੌਜਵਾਨ ਦੀ ਪਛਾਣ ਪਿੰਡ ਉੱਚੀ ਦੌਦ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਵਜੋਂ ਹੋਈ ਹੈ, ਜੋ ਮਲੇਰਕੋਟਲਾ ਵਿਚ ਇਕ ਫੈਕਟਰੀ ਵਿਚ ਕੰਮ ਕਰਦਾ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੀ ਕੁੜੀ ਨਾਲ ਜਸਵਿੰਦਰ ਦੀ ਫੇਸਬੁੱਕ ’ਤੇ ਦੋਸਤੀ ਹੋਈ, ਜਿਸ ਨੇ ਦੱਸਿਆ ਕਿ ਉਹ ਬਠਿੰਡਾ ਦੀ ਰਹਿਣ ਵਾਲੀ ਜਸਲੀਨ ਬਰਾੜ ਹੈ ਅਤੇ ਉਸ ਨਾਲ ਵਿਆਹ ਕਰਨ ਦੇ ਸੁਫ਼ਨੇ ਦਿਖਾ ਕੇ ਭਰੋਸਾ ਜਿੱਤ ਲਿਆ, ਜਿਸ ਤੋਂ ਬਾਅਦ ਦੋਵਾਂ ਦੀ ਮੋਬਾਇਲ ਵ੍ਹਟਸਐਪ ’ਤੇ ਇਕ-ਦੂਜੇ ਨਾਲ ਗੱਲ ਹੋਣ ਲੱਗ ਪਈ।
ਇਹ ਵੀ ਪੜ੍ਹੋ : ਮੋਹਾਲੀ ਤੋਂ ਵੱਡੀ ਖ਼ਬਰ, ਅੰਤਰਰਾਸ਼ਟਰੀ ਪੱਧਰ ਦੇ ਸ਼ੂਟਰ ਨੇ ਖ਼ੁਦ ਨੂੰ ਗੋਲੀ ਮਾਰ ਖ਼ਤਮ ਕੀਤੀ ਜ਼ਿੰਦਗੀ
ਫਿਰ ਕੁੜੀ ਨੇ ਕਿਸੇ ਤਰ੍ਹਾਂ ਗੱਲਾਂ ਵਿਚ ਉਲਝਾ ਕੇ ਨੌਜਵਾਨ ਦੇ ਮੋਬਾਇਲ ਦਾ ਵ੍ਹਟਸਐਪ ਆਪਣੇ ਕੋਲ ਚਲਾਉਣਾ ਸ਼ੁਰੂ ਕਰ ਦਿੱਤਾ। ਫਿਰ ਡਿਫੈਂਸ ਮੁਲਾਜ਼ਮਾਂ ਤੱਕ ਕਿਸੇ ਤਰ੍ਹਾਂ ਪੁੱਜ ਕੇ ਡਿਫੈਂਸ ਦੇ ਵ੍ਹਟਸਐਪ ਗਰੁੱਪ ਸੀ. ਐੱਮ. ਡੀ. ਮੁਚੁਅਲ ਪੋਸਟਿੰਗ ਅਤੇ ਮੇਸ ਇਨਫਰਮੇਸ਼ਨ ਅਪਡੇਟ ਵਿਚ ਸ਼ਾਮਲ ਹੋ ਗਈ। ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨੀ ਕੁੜੀ ਵੱਲੋਂ ਨਾਮਜ਼ਦ ਨੌਜਵਾਨ ਦੇ ਆਈ. ਸੀ. ਆਈ. ਸੀ. ਆਈ. ਬੈਂਕ ਖਾਤੇ ਵਿਚ ਫੋਨ ਐਪ ਜ਼ਰੀਏ 10 ਹਜ਼ਾਰ ਤੋਂ ਜ਼ਿਆਦਾ ਰੁਪਏ ਜਮ੍ਹਾਂ ਕਰਾਏ ਗਏ ਸਨ, ਜਿਸ ਤੋਂ ਬਾਅਦ ਪੈਸੇ ਮਹਾਰਾਸ਼ਟਰ ਅਤੇ ਪੂਨਾ ਵਿਚ ਚੱਲ ਰਹੇ ਐੱਸ. ਬੀ. ਆਈ. ਬੈਂਕ ਸ਼ਾਖਾ ਦੇ ਖਾਤਿਆਂ ਵਿਚ ਟਰਾਂਸਫਰ ਕੀਤੇ।
ਇਹ ਵੀ ਪੜ੍ਹੋ : ਇਸ ਸ਼ਖਸ ਨੇ 50 ਲੱਖ ਕੀਮਤ 'ਤੇ ਵੀ ਨਹੀਂ ਵੇਚਿਆ ਪੁਰਾਣਾ 'ਸਾਈਕਲ', ਜਾਣੋ ਕੀ ਹੈ ਖ਼ਾਸੀਅਤ (ਤਸਵੀਰਾਂ)
ਜਾਂਚ ਦੌਰਾਨ ਇਕ ਆਡੀਓ ਵੀ ਮਿਲੀ ਹੈ, ਜਿਸ ਵਿਚ ਕੁੜੀ ਜੈਪੁਰ ਜਾ ਕੇ ਇਕ ਸੀ. ਡੀ. ਲੈ ਕੇ ਆਉਣ ਦੀ ਗੱਲ ਕਹਿ ਰਹੀ ਹੈ, ਨਾਲ ਹੀ ਜਸਵਿੰਦਰ ਨੇ ਉਸ ਨੂੰ ਤਿੰਨ ਵ੍ਹਟਸਐਪ ਚਲਾਉਣ ਲਈ ਵੱਖ-ਵੱਖ ਮੋਬਾਇਲ ਨੰਬਰ ਦਿੱਤੇ ਸਨ। ਪੁਲਸ ਮੁਤਾਬਕ ਜਾਂਚ ਦੌਰਾਨ ਕਾਫੀ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ