ਸਦਭਾਵਨਾ ਰੈਲੀ ''ਚ ਜਾ ਰਹੇ ਅਕਾਲੀ ਭੁੱਲੇ ''ਸਦਭਾਵਨਾ'', ਸੜਕ ਵਿਚਕਾਰ ਕੀਤੀ ਗੁੰਡਾ-ਗਰਦੀ (ਤਸਵੀਰਾਂ)

11/29/2015 5:04:56 PM

ਜਗਰਾਓਂ (ਜਸਬੀਰ ਸ਼ੇਤਰਾ)– ਸ਼੍ਰੋਮਣੀ ਅਕਾਲੀ ਦਲ ਦੀ ਸਦਭਾਵਨਾ ਰੈਲੀ ''ਚ ਸ਼ਾਮਲ ਹੋਣ ਜਾ ਰਹੇ ਯੂਥ ਆਗੂ ਕੋਈ ਸਦਭਾਵਨਾ ਦਿਖਾਉਂਦੇ ਨਜ਼ਰ ਨਹੀਂ ਆ ਰਹੇ। ਮੋਗਾ ਦੀ ਸਦਭਾਵਨਾ ਰੈਲੀ ਲਈ ਕਾਫਲੇ ਦੇ ਮਗਰ ਹੀ ਆ ਰਹੀ ਇਕ ਫਾਰਚੂਨਰ ਗੱਡੀ ''ਚ ਸਵਾਰ ਨੌਜਵਾਨ ਅਕਾਲੀ ਆਗੂਆਂ ਨੇ ਇਕ ਬੱਸ ਦੀ ਭੰਨ-ਤੋੜ ਕਰ ਦਿੱਤੀ। ਬੱਸ ਚਾਲਕ ਦਾ ਦੋਸ਼ ਸਿਰਫ ਇੰਨਾ ਸੀ ਕਿ ਉਸ ਨੇ ਰਸਤਾ ਨਹੀਂ ਦਿੱਤਾ। ਹਾਲਾਂਕਿ ਜਿਸ ਥਾਂ ਉਹ ਰਸਤਾ ਭਾਲਦੇ ਸਨ, ਉਥੇ ਪੁਲ ਦੀ ਉਸਾਰੀ ਚੱਲਦੀ ਹੋਣ ਕਾਰਨ ਇਕ ਪਾਸੇ ਸਰਵਿਸ ਰੋਡ ਹੀ ਬਣੀ ਹੋਈ ਹੈ। ਸੜਕ ਘੱਟ ਚੌੜੀ ਹੋਣ ਕਰਕੇ ਰਸਤਾ ਦੇਣ ''ਚ ਦੇਰੀ ਹੋ ਗਈ, ਜਿਸ ਤੋਂ ਯੂਥ ਅਕਾਲੀ ਭੜਕ ਪਏ। ਇਹ ਯੂਥ ਅਕਾਲੀ ਆਗੂ ਇਥੇ ਹੀ ਨਹੀਂ ਰੁਕੇ ਸਗੋਂ ਉਨ੍ਹਾਂ ਬੱਸ ਚਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਜਾਣਕਾਰੀ ਅਨੁਸਾਰ ਜੁਝਾਰ ਟਰਾਂਸਪੋਰਟ ਕੰਪਨੀ ਦੀ ਇਹ ਬੱਸ ਲੁਧਿਆਣਾ ਤੋਂ ਮੋਗਾ ਜਾ ਰਹੀ ਸੀ, ਜਿਸ ਨੂੰ ਤਰਸੇਮ ਸਿੰਘ ਵਾਸੀ ਰਾਮੂਵਾਲਾ (ਮੋਗਾ) ਚਲਾ ਰਿਹਾ ਸੀ। ਜ਼ਖਮੀ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਬੱਸ ਅੱਡਾ ਚੌਕੀ ਇੰਚਾਰਜ ਸਈਅਦ ਸ਼ਕੀਲ ਨੇ ਇਸ ਘਟਨਾ ਦੀ ਤਾਂ ਪੁਸ਼ਟੀ ਕੀਤੀ ਪਰ ਵੀ. ਆਈ. ਪੀ. ਡਿਊਟੀ ''ਤੇ ਹੋਣ ਕਰਕੇ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ। ਬੱਸ ਅੱਡਾ ਚੌਕੀ ਦੇ ਮੁਨਸ਼ੀ ਅਸ਼ੋਕ ਕੁਮਾਰ ਨੇ ਸੰਪਰਕ ਕਰਨ ''ਤੇ ਦੱਸਿਆ ਕਿ ਡਰਾਈਵਰ ਤਰਸੇਮ ਸਿੰਘ ਦੇ ਬਿਆਨਾਂ ''ਤੇ ਰਿਪੋਰਟ ਲਿਖ ਕੇ ਹੌਲਦਾਰ ਦਰਸ਼ਨ ਸਿੰਘ ਤੇ ਪਰਮਜੀਤ ਸਿੰਘ ਤਫ਼ਤੀਸ਼ ਕਰ ਰਹੇ ਹਨ।


Gurminder Singh

Content Editor

Related News