ਬਿਕਰਮ ਮਜੀਠੀਆ ਖ਼ਿਲਾਫ ਦਰਜ ਕੇਸ ਵਿਰੁੱਧ ਯੂਥ ਅਕਾਲੀ ਦਲ ਨੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦਿੱਤੇ ਵਿਸ਼ਾਲ ਧਰਨੇ
Friday, Dec 31, 2021 - 08:44 PM (IST)
 
            
            ਚੰਡੀਗੜ੍ਹ (ਬਿਊਰੋ)-ਯੂਥ ਅਕਾਲੀ ਦਲ (ਵਾਈ. ਏ. ਡੀ.) ਨੇ ਅੱਜ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਦੀ ਅਗਵਾਈ ਹੇਠ ਸੂਬੇ ਭਰ ’ਚ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਵਿਸ਼ਾਲ ਧਰਨੇ ਦੇ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ ਕਾਂਗਰਸ ਸਰਕਾਰ ਵੱਲੋਂ ਝੂਠਾ ਤੇ ਨਿਰਾਧਾਰ ਕੇਸ ਦਰਜ ਕਰਨ ਖ਼ਿਲਾਫ ਰੋਸ ਪ੍ਰਗਟ ਕੀਤਾ। ਇਸ ਮੌਕੇ ਐੱਸ. ਐੱਸ. ਪੀਜ਼ ਨੂੰ ਰਾਜਪਾਲ ਦੇ ਨਾਂ ’ਤੇ ਮੰਗ ਪੱਤਰ ਵੀ ਸੌਂਪੇ ਗਏ। ਨੌਜਵਾਨਾਂ ਦੇ ਵੱਡੇ-ਵੱਡੇ ਇਕੱਠਾਂ, ਜਿਨ੍ਹਾਂ ਵਿਚ ਯੂਥ ਅਕਾਲੀ ਦਲ ਤੇ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐੱਸ. ਓ. ਆਈ.) ਦੇ ਮੈਂਬਰ ਵੀ ਸ਼ਾਮਲ ਸਨ, ’ਚ ਨੌਜਵਾਨਾਂ ਨੇ ਕਾਂਗਰਸ ਸਰਕਾਰ ਵੱਲੋਂ ਆਪਣੀਆਂ ਅਸਫਲਤਾਵਾਂ ਛੁਪਾਉਣ ਲਈ ਇਹ ਝੂਠਾ ਨਸ਼ਿਆਂ ਦਾ ਕੇਸ ਦਰਜ ਕਰਨ ਖ਼ਿਲਾਫ ਰੋਸ ਪ੍ਰਗਟ ਕੀਤਾ। ਪੋਸਟਰ ਤੇ ਬੈਨਰ ਲੈ ਕੇ ਇਨ੍ਹਾਂ ਨੌਜਵਾਨਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਖ਼ਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਇਨ੍ਹਾਂ ਦੇ ਪੁਤਲੇ ਵੀ ਫੂਕੇ ਤੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਸਟੇਜਾਂ ਤੋਂ ਐਲਾਨ ਕੀਤੇ ਸਨ ਕਿ ਅਕਾਲੀ ਲੀਡਰਸ਼ਿਪ ਨੂੰ ਝੂਠੇ ਕੇਸਾਂ ’ਚ ਫਸਾਇਆ ਜਾਵੇਗਾ।

ਇਹ ਵੀ ਪੜ੍ਹੋ : ਪ੍ਰਾਚੀਨ ਸ਼ਿਵ ਮੰਦਿਰ ਪਹੁੰਚੇ ਸੁਖਬੀਰ ਬਾਦਲ, ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕਾਂਗਰਸ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ
ਫਰੀਦਕੋਟ ’ਚ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ’ਚ ਹਰਮਨਪਿਆਰੇ ਮਜੀਠੀਆ ਖ਼ਿਲਾਫ ਝੂਠਾ ਕੇਸ ਦਰਜ ਕਰਨ ਕਾਰਨ ਰੋਹ ’ਚ ਹਨ। ਸੂਬੇ ਦਾ ਸਮੁੱਚਾ ਨੌਜਵਾਨ ਵਰਗ ਮਜੀਠੀਆ ਦੀ ਹਮਾਇਤ ’ਚ ਨਿੱਤਰ ਆਇਆ ਹੈ ਤੇ ਕਾਂਗਰਸ ਸਰਕਾਰ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਉਹ ਲੋਕਪ੍ਰਿਯ ਆਗੂ ਮਜੀਠੀਆ ਖ਼ਿਲਾਫ ਝੂਠਾ ਕੇਸ ਦਰਜ ਕਰਨ ਦੇ ਨਤੀਜੇ ਭੁਗਤਣ ਵਾਸਤੇ ਤਿਆਰ ਰਹੇ। ਇਹ ਨੌਜਵਾਨ ਆਉਂਦੀਆਂ ਚੋਣਾਂ ’ਚ ਕਾਂਗਰਸ ਦੇ ਖ਼ਿਲਾਫ ਅਹਿਮ ਰੋਲ ਅਦਾ ਕਰਨਗੇ ਤੇ ਚੋਣਾਂ ’ਚ ਕਾਂਗਰਸ ਦੇ ਖ਼ਿਲਾਫ ਵੋਟਰਾਂ ਦੀ ਵੱਡੇ ਪੱਧਰ ’ਤੇ ਲਾਮਬੰਦੀ ਕਰ ਕੇ ਆਪਣਾ ਰੋਹ ਪ੍ਰਗਟਾਉਣਗੇ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਮਜੀਠੀਆ ਦੇ ਖ਼ਿਲਾਫ ਸਾਰਾ ਕੇਸ ਮਨਘੜਤ ਹੈ ਕਿਉਂਕਿ ਸਰਕਾਰ ਨੇ ਦੋ ਡੀ. ਜੀ. ਪੀ. ਬਦਲੇ ਤੇ ਤੀਜੇ ਡੀ. ਜੀ. ਪੀ. ਐੱਸ. ਚਟੋਪਾਧਿਆਏ ਨੂੰ ਕਾਂਗਰਸ ਪਾਰਟੀ ਦਾ ਸਿਆਸੀ ਬਦਲਾਖੋਰੀ ਦਾ ਏਜੰਡਾ ਲਾਗੂ ਕਰਨ ਵਾਸਤੇ ਨਿਯੁਕਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਵੇਂ ਡੀ. ਜੀ. ਪੀ. ਨੇ ਮਜੀਠੀਆ ਦੇ ਖ਼ਿਲਾਫ ਕੇਸ ਦਰਜ ਕਰਨ ਦਾ ਹੁਕਮ ਦੇ ਕੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮਾਮਲਾ ਹੈ, ਜਦੋਂ ਡੀ. ਜੀ. ਪੀ. ਵੱਲੋਂ ਅਜਿਹੇ ਹੁਕਮ ਦਿੱਤੇ ਗਏ ਹੋਣ। ਉਨ੍ਹਾਂ ਕਿਹਾ ਕਿ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਮਾਮਲੇ ’ਚ ਅਦਾਲਤਾਂ ਨੇ ਫੈਸਲਾ ਸੁਣਾ ਦਿੱਤਾ ਹੋਵੇ, ਉਨ੍ਹਾਂ ਮਾਮਲਿਆਂ ’ਚ ਉਪਰਲੀ ਅਦਾਲਤ ਤੋਂ ਪ੍ਰਵਾਨਗੀ ਲਏ ਬਗੈਰ ਜਾਂਚ ਮੁੜ ਆਰੰਭ ਦਿੱਤੀ ਗਈ ਹੋਵੇ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਕਾਂਗਰਸ ਦੇ CM ਚਿਹਰੇ ਨੂੰ ਲੈ ਕੇ ਨਵਜੋਤ ਸਿੱਧੂ ਨੂੰ ਕੀਤਾ ਵੱਡਾ ਚੈਲੰਜ
ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਜਿਨ੍ਹਾਂ ਨੇ ਮਜੀਠੀਆ ਖ਼ਿਲਾਫ ਝੂਠਾ ਤੇ ਨਿਰਾਧਾਰ ਕੇਸ ਦਰਜ ਕਰਵਾਇਆ, ਉਨ੍ਹਾਂ ਦੇ ਖ਼ਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਇਸ ਗੱਲ ਦੇ ਠੋਸ ਸਬੂਤ ਹਨ ਤੇ ਜਿਨ੍ਹਾਂ ’ਚ ਨਵਜੋਤ ਸਿੰਘ ਸਿੱਧੂ ਤੇ ਹੋਰਨਾਂ ਦੇ ਬਿਆਨ ਹਨ ਕਿ ਮਜੀਠੀਆ ਨੂੰ ਇਸ ਝੂਠੇ ਕੇਸ ’ਚ ਫਸਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰਿਆਂ ਖ਼ਿਲਾਫ ਕੇਸ ਦਰਜ ਹੋਣਾ ਚਾਹੀਦਾ ਹੈ ਤੇ ਇਸ ਸਾਰੇ ਮਾਮਲੇ ਦੀ ਜਾਂਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਈ ਜਾਣੀ ਚਾਹੀਦੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            