ਯੂਥ ਅਕਾਲੀ ਦਲ ਵੱਲੋਂ ''ਪਲਾਜ਼ਮਾ ਬੈਂਕ'' ਸਥਾਪਿਤ ਕਰਨ ਦਾ ਐਲਾਨ
Friday, Apr 30, 2021 - 03:38 PM (IST)
ਚੰਡੀਗੜ੍ਹ : ਯੂਥ ਅਕਾਲੀ ਦਲ ਨੇ ਸੂਬੇ ਵਿਚ ਪਲਾਜ਼ਮਾ ਬੈਂਕ ਸਥਾਪਿਤ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਉਸ ਕੋਲ 200 ਡੋਨਰ ਤਿਆਰ ਬਰ ਤਿਆਰ ਹਨ ਅਤੇ ਉਹ ਪਲਾਜ਼ਮਾ ਦਾਨ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰ ਰਿਹਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਪੀਲ ਮਗਰੋਂ ਇਹ ਬੈਂਕ ਸਥਾਪਿਤ ਕੀਤਾ ਹੈ, ਨੇ ਦੱਸਿਆ ਕਿ ਯੂਥ ਅਕਾਲੀ ਦਲ ਹੋਰ ਯੋਗ ਡੋਨਰਾਂ ਤੱਕ ਪਹੁੰਚ ਕਰੇਗਾ।
ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਜੋ ਕੋਰੋਨਾ ਪਾਜ਼ੇਟਿਵ ਆ ਗਏ ਸਨ, ਸਮੇਤ ਅਕਾਲੀ ਲੀਡਰਸ਼ਿਪ ਨੇ ਵੀ ਪਹਿਲਕਦਮੀ ਵਾਸਤੇ ਰਜਿਸਟਰੇਸ਼ਨ ਕਰਵਾਈ ਹੈ। ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਦਾਨੀਆਂ ਦੇ ਨਾਂ 'ਤੇ ਉਨ੍ਹਾਂ ਦੇ ਬਲੱਡ ਗਰੁੱਪ ਅਤੇ ਫੋਨ ਨੰਬਰ ਲੋਕਾਂ ਤੱਕ ਪਹੁੰਚਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਹ ਤਿੰਨ ਫੋਨ ਨੰਬਰਾਂ 99080-00013, 97791-71507 ਅਤੇ 84275-44763 ’ਤੇ ਲੋਕ ਸੰਪਰਕ ਕਰ ਸਕਦੇ ਹਨ, ਜਿਨ੍ਹਾਂ ਨੂੰ ਤੁਰੰਤ ਪਲਾਜ਼ਮਾ ਬੈਂਕ ਤੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਰੋਮਾਣਾ ਨੇ ਕਿਹਾ ਕਿ ਜਿਹੜੇ ਮਰੀਜ਼ਾਂ ਨੁੰ ਪਲਾਜ਼ਮਾਂ ਦੀ ਲੋੜ ਹੋਵੇ, ਉਹ ਟਵਿੱਟਰ ’ਤੇ ਉਨ੍ਹਾਂ ਨੂੰ ਟੈਗ ਕਰ ਦੇਣ ਤਾਂ ਤੁਰੰਤ ਢੁਕਵਾਂ ਜਵਾਬ ਮਿਲੇਗਾ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਇਹ ਯਕੀਨੀ ਬਣਾਏਗਾ ਕਿ ਪਲਾਜ਼ਮਾ ਨਾ ਹੋਣ ਕਾਰਨ ਕਿਸੇ ਦੀ ਜਾਨ ਨਾ ਜਾਵੇ।