ਰਾਹੁਲ ਗਾਂਧੀ ਨੇ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਛੱਡਿਆ ਸ਼ੋਸ਼ਾ : ਮਜੀਠੀਆ

Saturday, Mar 30, 2019 - 12:25 PM (IST)

ਰਾਹੁਲ ਗਾਂਧੀ ਨੇ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਛੱਡਿਆ ਸ਼ੋਸ਼ਾ : ਮਜੀਠੀਆ

ਝੁਨੀਰ(ਮਿੱਤਲ) : ਦੇਸ਼ ਦੀ ਗੱਦੀ 'ਤੇ ਬਿਰਾਜਮਾਨ ਹੋਣ ਲਈ ਕਾਂਗਰਸ ਪਾਰਟੀ ਝੂਠੇ ਲਾਰਿਆਂ 'ਤੇ ਉਤਰ ਆਈ ਹੈ, ਜਿਸ ਤਹਿਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਰ ਗਰੀਬ ਨੂੰ ਸਾਲਾਨਾ 72 ਹਜ਼ਾਰ ਰੁਪਏ ਦੇਣ ਦਾ ਸ਼ੋਸ਼ਾ ਛੱਡ ਦਿੱਤਾ ਹੈ ਪਰ ਦੇਸ਼ ਦੇ ਲੋਕ ਕਾਂਗਰਸ ਦੇ ਝੂਠੇ ਲਾਰਿਆਂ ਵਿਚ ਨਹੀਂ ਆਉਣਗੇ ਅਤੇ ਮੁੜ ਤੋਂ ਮੋਦੀ ਸਰਕਾਰ ਲਿਆਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਸ਼ੁੱਕਰਵਾਰ ਨੂੰ ਇਥੇ ਮਾਨਸਾ ਤੇ ਝੁਨੀਰ ਵਿਖੇ ਯੂਥ ਅਕਾਲੀ ਦਲ ਦੀਆਂ ਮਹਾ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕੀਤਾ। ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਦੀ ਅਗਵਾਈ ਹੇਠ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਦੀ ਮਰਹੂਮ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਵਲੋਂ ਵੀ ਸੱਤਾ 'ਚ ਆਉਣ ਲਈ 1971 'ਚ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ ਪਰ ਬਾਅਦ ਵਿਚ ਇਸ ਉਪਰ ਕੋਈ ਅਮਲ ਨਹੀਂ ਸੀ ਕੀਤਾ ਗਿਆ, ਜਿਸ ਤਹਿਤ ਹੀ ਹੁਣ ਰਾਹੁਲ ਗਾਂਧੀ ਆਪਣੀ ਦਾਦੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਝੂਠੇ ਵਾਅਦੇ ਕਰ ਕੇ ਸੱਤਾ 'ਤੇ ਕਾਬਿਜ਼ ਹੋਣਾ ਚਾਹੁੰਦਾ ਹੈ।

ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਪ੍ਰਿਯੰਕਾ ਵੀ ਪਾਰ ਨਹੀਂ ਲਾ ਸਕੇਗੀ, ਕਿਉਂਕਿ ਕਾਂਗਰਸ ਪਾਰਟੀ ਦੇ ਲੀਡਰਾਂ ਵਲੋਂ ਕੀਤੇ ਗਏ ਵੱਡੇ-ਵੱਡੇ ਘਪਲੇ ਜੱਗ ਜ਼ਾਹਿਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੇਂਦਰ 'ਚ ਅਗਲੀ ਸਰਕਾਰ ਐੱਨ. ਡੀ. ਏ. ਦੀ ਬਣੇਗੀ ਅਤੇ ਪੰਜਾਬ 'ਚੋਂ ਵੀ ਅਕਾਲੀ-ਭਾਜਪਾ ਗਠਜੋੜ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰੇਗਾ।

ਉਨ੍ਹਾਂ ਮਨਪ੍ਰੀਤ ਬਾਦਲ ਨੂੰ ਨਕਲੀ ਬਾਦਲ ਦੱਸਦਿਆਂ ਕਿਹਾ ਕਿ 'ਆਪ' ਸਮੇਤ ਟਕਸਾਲੀ ਅਤੇ ਸੁਖਪਾਲ ਸਿੰਘ ਖਹਿਰਾ ਦੀ ਪਾਰਟੀ ਵਰਗੀਆਂ ਸਾਰੀਆਂ ਪਾਰਟੀਆਂ ਕਾਂਗਰਸ ਦੀ ਫੰਡਿੰਗ 'ਤੇ ਚੱਲ ਰਹੀਆਂ ਹਨ ਅਤੇ ਇਨ੍ਹਾਂ ਦੇ ਸਾਰੇ ਫੈਸਲੇ ਕਾਂਗਰਸ ਹਾਈਕਮਾਨ ਤੈਅ ਕਰਦੀ ਹੈ।

ਰੈਲੀ ਨੂੰ ਸੰਬੋਧਨ ਕਰਦਿਆਂ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਦੀ ਸੱਤਾ ਹਥਿਆਉਣ ਲਈ ਲੋਕਾਂ ਨੂੰ ਗਲਤ ਬਿਆਨਬਾਜ਼ੀ ਕਰ ਕੇ ਮੂਰਖ ਬਣਾ ਰਹੀ ਹੈ ਪਰ ਆਪਣੇ 5 ਸਾਲਾਂ ਦੌਰਾਨ ਮੋਦੀ ਸਰਕਾਰ ਦੇ ਰਾਜ ਦੌਰਾਨ ਦੇਸ਼ ਵਲੋਂ ਛੂਹੀਆਂ ਉੱਚੀਆਂ ਬੁਲੰਦੀਆਂ ਨੂੰ ਦੇਖਦਿਆਂ ਭਾਰਤ ਵਿਚ ਮੁੜ ਮੋਦੀ ਸਰਕਾਰ ਦਾ ਗਠਨ ਹੋਵੇਗਾ।

ਇਸ ਮੌਕੇ ਹਲਕਾ ਮਾਲਵਾ ਜ਼ੋਨ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੁਮਾਣਾ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਬਿਕਰਮਜੀਤ ਸਿੰਘ ਦਾਤੇਵਾਸ, ਰਮੇਸ਼ ਸਿੰਘ ਬਣਾਂਵਾਲੀ, ਸਰਦੂਲ ਸਿੰਘ ਘਰਾਂਗਣਾ, ਸੁਖਦੇਵ ਸਿੰਘ ਚੈਨੇਵਾਲਾ, ਗੁਰਵਿੰਦਰ ਸਿੰਘ ਤਲਵੰਡੀ ਅਕਲੀਆਂ, ਦਰਸ਼ਨ ਸਿੰਘ ਮੰਡੇਰ, ਮੇਵਾ ਸਿੰਘ ਬਾਦਰਾਂ, ਬੌਬੀ ਜੈਨ ਸਰਦੂਲਗੜ੍ਹ ਆਦਿ ਹਾਜ਼ਰ ਸਨ।


author

cherry

Content Editor

Related News