ਬੱਧਨੀ ਕਲਾਂ ’ਚ ਦਿਨ ਦਿਹਾੜੇ ਭਰੇ ਬਾਜ਼ਾਰ ’ਚ ਨੌਜਵਾਨ ਦਾ ਕਤਲ ਕਰਨ ਦੇ ਮਾਮਲੇ ’ਚ ਤਿੰਨ ਗ੍ਰਿਫ਼ਤਾਰ
Saturday, Jun 11, 2022 - 01:46 PM (IST)
ਮੋਗਾ (ਆਜ਼ਾਦ) : ਮੋਗਾ ਪੁਲਸ ਵੱਲੋਂ ਬੀਤੀ 3 ਜੂਨ ਨੂੰ ਬੱਧਨੀ ਕਲਾਂ ਦੇ ਬਾਜ਼ਾਰ ਵਿਚ ਦਿਨ-ਦਿਹਾੜੇ ਤੇਜ਼ਧਾਰ ਹਥਿਆਰਾਂ ਨਾਲ ਦੇਸਰਾਜ ਦੇਸਾਂ ਦੀ ਕੀਤੇ ਗਏ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਦਕਿ ਦੂਸਰਿਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਬੱਧਨੀ ਕਲਾਂ ਵਿਚ 3 ਜੂਨ ਨੂੰ ਦੇਸਰਾਜ ਦੇਸਾਂ ਦੀ ਹੱਤਿਆ ਕੀਤੀ ਗਈ ਸੀ। ਇਸ ਸਬੰਧ ਵਿਚ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਬੂਟਾ ਸਿੰਘ ਦੇ ਬਿਆਨਾਂ ’ਤੇ ਰਣਜੀਤ ਸਿੰਘ ਉਰਫ ਮਣਕਾ, ਜਸਵੀਰ ਸਿੰਘ ਉਰਫ਼ ਜੱਸਾ ਅਤੇ ਹੰਸਾ ਸਿੰਘ ਨਿਵਾਸੀ ਬੱਧਨੀ ਕਲਾਂ ਤੋਂ ਇਲਾਵਾ 3 ਅਣਪਛਾਤੇ ਵਿਅਕਤੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਦੋਹਾਂ ਧਿਰਾਂ ਵਿਚਕਾਰ ਸੋਸ਼ਲ ਮੀਡੀਆ ’ਦੇ ਮੈਸੇਜ ਸ਼ੇਅਰ ਕਰਨ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ ਸੀ, ਉਕਤ ਮਾਮਲੇ ਵਿਚ ਦੂਸਰੀ ਧਿਰ ਵੱਲੋਂ ਦੇਸਰਾਜ ਦੇਸਾਂ ਨੂੰ ਗਰੁੱਪ ਵਿਚੋਂ ਡਲੀਟ ਕੀਤਾ ਗਿਆ ਸੀ, ਜਿਸ ਕਾਰਣ ਦੋਹਾਂ ਧਿਰਾਂ ਵਿਚਕਾਰ ਰੰਜਿਸ਼ ਚੱਲਦੀ ਆ ਰਹੀ ਸੀ।
ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਉਰਫ ਮਣਕਾ ਅਤੇ ਜਸਵੀਰ ਸਿੰਘ ਉਰਫ ਜੱਸਾ ਵੱਲੋਂ ਬੀਤੀ 9 ਜੂਨ ਨੂੰ ਮਾਣਯੋਗ ਅਦਾਲਤ ਵਿਚ ਆਤਮ ਸਮਰਪਣ ਕੀਤਾ ਗਿਆ ਸੀ, ਜਿਨ੍ਹਾਂ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲਿਆ ਅਤੇ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਕਤ ਕਤਲ ਦੇ ਮਾਮਲੇ ਵਿਚ ਗੁਰਜੀਤ ਸਿੰਘ ਉਰਫ ਨੋਂਸਾ ਅਤੇ ਧਰਮ ਸਿੰਘ ਉਰਫ ਸੀਪਾ ਦੋਨੋਂ ਨਿਵਾਸੀ ਬੱਧਨੀ ਕਲਾਂ ਵੀ ਸ਼ਾਮਲ ਸਨ। ਜ਼ਿਲ੍ਹਾ ਪੁਲਸ ਮੁਖੀ ਨੇ ਕਿਹਾ ਕਿ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮੁਹੰਮਦ ਸਰਫਰਾਜ ਆਲਮ ਅਤੇ ਥਾਣਾ ਬੱਧਨੀ ਕਲਾਂ ਦੇ ਮੁੱਖ ਅਫਸਰ ਇੰਸਪੈਕਟਰ ਪ੍ਰਤਾਪ ਸਿੰਘ ਦੀ ਅਗਵਾਈ ਵਿਚ ਵੱਖ- ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸਨ ਤਾਂ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਅਤੇ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਗਈ ਤਾਂ ਕਥਿਤ ਦੋਸ਼ੀ ਗੁਰਜੀਤ ਸਿੰਘ ਉਰਫ ਨੋਸਾਂ ਨੂੰ ਇੰਸਪੈਕਟਰ ਪ੍ਰਤਾਪ ਸਿੰਘ ਵੱਲੋਂ ਦਬੋਚ ਲਿਆ ਗਿਆ। ਪੁਲਸ ਨੇ ਕਥਿਤ ਦੋਸ਼ੀਆਂ ਕੋਲੋਂ ਹੱਤਿਆ ਕਰਨ ਸਮੇਂ ਵਰਤੇ ਗਏ ਤੇਜ਼ਧਾਰ ਹਥਿਆਰ, ਕ੍ਰਿਪਾਨਾਂ ਅਤੇ ਖੰਡਾ ਵੀ ਬਰਾਮਦ ਕਰ ਲਏ ਗਏ ਹਨ ਜਦਕਿ ਹੰਸਾ ਸਿੰਘ ਅਤੇ ਧਰਮ ਸਿੰਘ ਸੀਪਾ ਦੀ ਗ੍ਰਿਫਤਾਰੀ ਬਾਕੀ ਹੈ। ਥਾਣਾ ਮੁਖੀ ਇੰਸਪੈਕਟਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਜਲਦ ਕਾਬੂ ਆ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਸ਼ਰਾਜ ਉਰਫ ਦੇਸ਼ਾ ਦੇ ਇਲਾਵਾ ਜਸਵੀਰ ਸਿੰਘ ਉਰਫ ਜੱਸਾ, ਰਣਜੀਤ ਸਿੰਘ ਉਰਫ ਮਣਕਾ ਦੇ ਖਿਲਾਫ਼ ਪਹਿਲਾਂ ਵੀ ਥਾਣਾ ਬੱਧਨੀ ਕਲਾਂ ਵਿਚ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਹਨ। ਕਾਬੂ ਕੀਤੇ ਗਏ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।