ਨੌਜਵਾਨ ਦੇ ਸਿਰ ''ਚ ਗੋਲੀਆਂ ਮਾਰ ਕੇ ਕੀਤੇ ਕਤਲ ਦੇ ਮਾਮਲੇ ਵਿਚ ਸਨਸਨੀਖੇਜ਼ ਖੁਲਾਸਾ

Tuesday, May 21, 2024 - 06:57 PM (IST)

ਨੌਜਵਾਨ ਦੇ ਸਿਰ ''ਚ ਗੋਲੀਆਂ ਮਾਰ ਕੇ ਕੀਤੇ ਕਤਲ ਦੇ ਮਾਮਲੇ ਵਿਚ ਸਨਸਨੀਖੇਜ਼ ਖੁਲਾਸਾ

ਫਿਰੋਜ਼ਪੁਰ (ਕੁਮਾਰ) : ਜ਼ਿਲ੍ਹਾ ਫਿਰੋਜ਼ਪੁਰ ਦੇ ਪੁਰਾਣੇ ਹਰੀ ਹੈੱਡ ਪੁਲ ਦੇ ਕੋਲ ਕੱਚੀ ਪਟਰੀ ’ਤੇ 9 ਮਈ 2024 ਨੂੰ ਇਕ ਅਣਪਛਾਤੇ ਵਿਅਕਤੀ ਦੀ ਮਿਲੀ ਲਾਸ਼ ਨੂੰ ਲੈ ਕੇ ਫਿਰੋਜ਼ਪੁਰ ਪੁਲਸ ਨੇ ਸਖ਼ਤ ਮਿਹਨਤ ਤੋਂ ਬਾਅਦ ਵਿਅਕਤੀ ਦਾ ਕਤਲ ਕਰਨ ਵਾਲੇ 3 ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾ ਵਿਚੋਂ ਇਕ ਨਾਬਾਲਗ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਸ.ਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਥਾਣਾ ਮਖੂ ਦੀ ਪੁਲਸ ਨੂੰ 9 ਮਈ 2024 ਨੂੰ ਸੂਚਨਾ ਮਿਲੀ ਸੀ ਕਿ ਇਕ ਅਣਪਛਾਤੇ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਪਈ ਹੈ, ਜਿਸ ਦੀ ਉਮਰ ਕਰੀਬ 32/33 ਸਾਲ ਹੈ, ਜਿਸਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ ਤੇ ਉਸ ਦੇ ਹੱਥ ਅਤੇ ਮੂੰਹ ਬੰਨ੍ਹੇ ਹੋਏ ਹਨ। ਉਨ੍ਹਾਂ ਦੱਸਿਆ ਕਿ ਇਸ ਕਤਲ ਸਬੰਧੀ ਥਾਣਾ ਮਖੂ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਅੰਨ੍ਹੇ ਕਤਲ ਨੂੰ ਟਰੇਸ ਕਰਨ ਲਈ ਐੱਸ.ਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ, ਡੀ. ਐੱਸ. ਪੀ ਇਨਵੈਸਟੀਗੇਸ਼ਨ ਬਲਕਾਰ ਸਿੰਘ ਅਤੇ ਡੀ.ਐੱਸ.ਪੀ ਜ਼ੀਰਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ ਸਟਾਫ਼ ਵੱਲੋਂ ਫਿਰੋਜ਼ਪੁਰ ਅਤੇ ਪੁਲਸ ਥਾਣਾ ਮਖੂ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਲਾਸ਼ ਜਸ਼ਨਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਪਿੰਡ ਗੋਰਖਾ, ਜ਼ਿਲ੍ਹਾ ਤਰਨਤਾਰਨ ਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਿਕਾਰਡ ਤੋੜ ਰਹੀ ਗਰਮੀ, 46 ਡਿਗਰੀ ਪੁੱਜਾ ਇਸ ਜ਼ਿਲ੍ਹੇ ਦਾ ਤਾਪਮਾਨ, ਇਕ ਦੀ ਮੌਤ

ਉਨ੍ਹਾਂ ਦੱਸਿਆ ਕਿ ਗਠਿਤ ਟੀਮਾਂ ਵੱਲੋਂ ਖੁਫੀਆ ਅਤੇ ਤਕਨੀਕੀ ਸੂਤਰਾਂ ਦੀ ਸਹਾਇਤਾ ਲੈਂਦੇ ਹੋਏ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਗਈ ਅਤੇ ਪੁਲਸ ਵੱਲੋਂ ਜਸ਼ਨਪ੍ਰੀਤ ਦਾ ਕਤਲ ਕਰਨ ਦੇ ਦੋਸ਼ ’ਚ ਨਵਦੀਪ ਸਿੰਘ ਉਰਫ ਨਵ ਪੁੱਤਰ ਨਿਰਵੈਰ ਸਿੰਘ ਵਾਸੀ ਕੁਆਰਟਰ ਨੰਬਰ 8 ਅੰਮ੍ਰਿਤਸਰ ਰੋਡ ਹਰੀਕੇ, ਜਸਕਰਨ ਉਰਫ਼ ਜੱਸ ਪੁੱਤਰ ਦਰਬਾਰ ਸਿੰਘ ਵਾਸੀ ਪਲਾਟ ਬਸਤੀ ਹਰੀਕੇ ਅਤੇ ਇਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸ.ਐੱਸ.ਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਕਾਤਲਾਂ ਤੋਂ ਪੁੱਛਗਿੱਛ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਨਾਮਜ਼ਦ ਵਿਅਕਤੀਆਂ ਦੀ ਜਸ਼ਨਪ੍ਰੀਤ ਨਾਲ ਪੁਰਾਣੀ ਰੰਜਿਸ਼ ਸੀ, ਜਿਸਨੂੰ ਲੈ ਕੇ ਫੜੇ ਗਏ ਕਾਤਲਾਂ ਵੱਲੋਂ ਪਹਿਲਾਂ ਉਸ ਦੀ ਕੁੱਟਮਾਰ ਕਰਦੇ ਉਸਨੂੰ ਅਧਮੋਇਆ ਕਰ ਦਿੱਤਾ ਗਿਆ ਅਤੇ ਫਿਰ ਦੋਸ਼ੀ ਉਸਨੂੰ ਆਪਣੇ ਮੋਟਰਸਾਈਕਲ ’ਤੇ ਜ਼ਬਰਦਸਤੀ ਬਿਠਾ ਕੇ ਹਰੀਕੇ ਪੁਲ ਦੇ ਕੋਲ ਕੱਚੀ ਪਟਰੀ ’ਤੇ ਲੈ ਗਏ, ਜਿਥੇ ਉਸਦੇ ਸਿਰ ਵਿੱਚ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਚ ਰਿਕਾਰਡ ਤੋੜ ਗਰਮੀ ਦੇ ਚੱਲਦਿਆਂ ਸਕੂਲਾਂ ਵਿਚ ਛੁੱਟੀਆਂ ਦਾ ਐਲਾਨ

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ 2 ਦਿਨ ਪਹਿਲਾਂ ਥਾਣਾ ਸਦਰ ਜੀਰਾ ਦੇ ਪਿੰਡ ਮਨਸੂਰਵਾਲ ਨੇੜੇ ਇਕ ਵਿਅਕਤੀ ਤੋਂ ਮੋਟਰਸਾਈਕਲ ਖੋਹਿਆ ਸੀ ਅਤੇ ਉਸਦੇ ਬਾਅਦ ਥਾਣਾ ਸਦਰ ਮੋਗਾ ਦੇ ਏਰੀਆ ਵਿਚ ਇਕ ਪੈਟਰੋਲ ਪੰਪ ਤੋਂ 60 ਹਜ਼ਾਰ ਰੁਪਏ ਲੁੱਟੇ ਸਨ ਅਤੇ ਥਾਣਾ ਕੋਟ ਈਸੇ ਖਾਂ ਦੇ ਏਰੀਆ ਵਿਚ ਪਿੰਡ ਮੰਦਰ ਨੇੜੇ ਇਕ ਪੈਟਰੋਲ ਪੰਪ ਤੋਂ 20000 ਰੁਪਏ ਲੁੱਟੇ ਸਨ ਅਤੇ ਫਤਿਹਗੜ੍ਹ ਪੰਜਤੂਰ ਇਲਾਕੇ ਵਿੱਚ ਮਖੂ ਰੋਡ ’ਤੇ ਆਉਂਦੇ ਇਕ ਟੋਲ ਪਲਾਜ਼ਾ ਤੋਂ 9800 ਰੁਪਏ ਲੁੱਟੇ ਸਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਤਲ ਦੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗੈਂਗਸਟਰਾਂ ਦੇ ਵਿਦੇਸ਼ ਭੱਜਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, 3 ਏਜੰਟ ਗ੍ਰਿਫ਼ਤਾਰ

 


author

Gurminder Singh

Content Editor

Related News