ਹਥਿਆਰਬੰਦ ਨੌਜਵਾਨਾਂ ਨੇ 2 ਘਰਾਂ ਦੀ ਕੀਤੀ ਭੰਨਤੋੜ, ਦਿੱਤੀਆਂ ਧਮਕੀਆਂ, 8 ਵਿਰੁੱਧ ਮਾਮਲਾ ਦਰਜ

Tuesday, Aug 23, 2022 - 05:44 PM (IST)

ਮੋਗਾ (ਅਜ਼ਾਦ) : ਆਪਸੀ ਮਾਮੂਲੀ ਰੰਜਿਸ਼ ਕਾਰਨ ਹਥਿਆਰਬੰਦ ਨੌਜਵਾਨਾਂ ਵੱਲੋਂ ਪਿੰਡ ਤਲਵੰਡੀ ਭੰਗੇਰੀਆ ਅਤੇ ਦੁਸਾਂਝ ਦੇ 2 ਘਰਾਂ ਵਿਚ ਜਾ ਕੇ ਭੰਨਤੋੜ ਕਰਨ ਤੋਂ ਇਲਾਵਾ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਮਹਿਣਾ ਪੁਲਸ ਵੱਲੋਂ ਮਨਪ੍ਰੀਤ ਸਿੰਘ ਉਰਫ ਵਾਜਾ ਨਿਵਾਸੀ ਕੱਚਾ ਦੁਸਾਂਝ ਰੋਡ ਮੋਗਾ, ਲਵਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਅਰਸ਼ਦੀਪ ਸਿੰਘ ਨਿਵਾਸੀ ਪਿੰਡ ਦੁਸਾਂਝ, ਗੁਰਜੰਟ ਸਿੰਘ, ਜਗਮੀਤ ਸਿੰਘ, ਦੇਵ ਸਿੰਘ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਖ਼ਿਲਾਫ ਜਗਸੀਰ ਸਿੰਘ ਉਰਫ ਨਿੱਕਾ ਨਿਵਾਸੀ ਪਿੰਡ ਤਲਵੰਡੀ ਭੰਗੇਰੀਆ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਰਾਜ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਗਮੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀ ਉਸ ਨੂੰ ਆਪਣੇ ਦੋਸਤ ਲਵਪ੍ਰੀਤ ਸਿੰਘ ਉਰਫ ਲਵਲੀ ਨਾਲ ਰਹਿਣ ਤੋਂ ਰੋਕਦੇ ਸੀ, ਜਿਸ ਕਾਰਨ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ। ਉਸ ਨੇ ਕਿਹਾ ਕਿ ਮੈਂ ਰੇਸ਼ਮ ਸਿੰਘ ਅਤੇ ਲਵਜੀਤ ਸਿੰਘ ਉਰਫ ਲਵਲੀ ਨਾਲ ਉਨ੍ਹਾਂ ਦੇ ਪਿੰਡ ਦੁਸਾਂਝ ਘਰ ਬੈਠਾ ਸੀ ਤਾਂ ਕਥਿਤ ਦੋਸ਼ੀ ਕਾਰ ਅਤੇ ਮੋਟਰਸਾਈਕਲਾਂ ’ਤੇ ਤੇਜ਼ਧਾਰ ਹਥਿਆਰਾਂ ਅਤੇ ਅਸਲੇ ਸਮੇਤ ਦੇਰ ਰਾਤ ਸਾਡੇ ਘਰ ਗਏ ਅਤੇ ਘਰ ਅੰਦਰ ਦਾਖਲ ਹੋ ਕੇ ਮੈਨੂੰ ਲੱਭਦੇ ਰਹੇ। ਇਸੇ ਦੌਰਾਨ ਉਨ੍ਹਾਂ ਮੇਰਾ ਮੋਟਰਸਾਈਕਲ ਅਤੇ ਘਰ ਦੇ ਸਾਮਾਨ ਦੀ ਭੰਨਤੋੜ ਕੀਤੀ। ਜਦੋਂ ਰੌਲਾ ਪਾਇਆ ਤਾਂ ਕਥਿਤ ਦੋਸ਼ੀ ਉਥੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।

ਉਪਰੰਤ ਉਕਤ ਸਾਰੇ ਮੈਨੂੰ ਲੱਭਣ ਲਈ ਰਵੀ ਸਿੰਘ ਨਿਵਾਸੀ ਤਲਵੰਡੀ ਭੰਗੇਰੀਆ ਦੇ ਘਰ ਚਲੇ ਗਏ ਅਤੇ ਉਨ੍ਹਾਂ ਦੇ ਘਰ ਦਾਖਲ ਹੋ ਕੇ ਘਰ ਵਿਚ ਬਣੀ ਫੋਟੋਗ੍ਰਾਫਰੀ ਦੀ ਦੁਕਾਨ ਅਤੇ ਗੇਟ ਦੀ ਭੰਨਤੋੜ ਕੀਤੀ। ਜਦੋਂ ਉਨ੍ਹਾਂ ਰੌਲਾ ਪਾਇਆ ਤਾਂ ਉਹ ਉਥੋਂ ਵੀ ਧਮਕੀਆਂ ਦਿੰਦੇ ਹੋਏ ਚਲੇ ਗਏ। ਉਪਰੰਤ ਉਹ ਮੇਰੇ ਦੋਸਤ ਲਵਜੀਤ ਸਿੰਘ ਉਰਫ ਲਵਲੀ ਨਿਵਾਸੀ ਪਿੰਡ ਦੁਸਾਂਝ ਦੇ ਘਰ ਆ ਧਮਕੇ ਜਿੱਥੇ ਮੈਂ ਬੈਠਾ ਸੀ, ਉਨ੍ਹਾਂ ਆਉਂਦਿਆਂ ਹੀ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ’ਤੇ ਅਸੀਂ ਵੀ ਇੱਟਾਂ ਰੋੜੇ ਚਲਾਏ ਤਾਂ ਸਾਰੇ ਹਮਲਾਵਰ ਉਥੋਂ ਭੱਜ ਗਏ। ਇਸ ਹਮਲੇ ਵਿਚ ਮੇਰੇ ਸੱਟ ਵੱਜੀ ਅਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ, ਗ੍ਰਿਫਤਾਰੀ ਬਾਕੀ ਹੈ।


Gurminder Singh

Content Editor

Related News