ਪੰਜਾਬ ਵਿਚ ਕਾਲਾ ਦੌਰ ਪਰਤਿਆ, ਨੌਜਵਾਨ ਅਜੇ ਵੀ ਬੇਰੋਜ਼ਗਾਰ : ਰਾਜਾ ਵੜਿੰਗ
Friday, Dec 22, 2023 - 03:25 PM (IST)
ਕਪੂਰਥਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਕਾਨੂੰਨ ਵਿਵਸਥਾ, ਬੇਰੁਜ਼ਗਾਰੀ ਅਤੇ ਨਸ਼ੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਨਿਸ਼ਾਨੇ ਸਾਧੇ ਹਨ। ਕਪੂਰਥਲਾ ਰੈਲੀ ਵਿਚ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਇੱਧਰ-ਉਧਰ ਦੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ’ਤੇ ਭਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸਮੇਂ ਸਮਝੌਤਾ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਸੀ, ਇਸੇ ਦਾ ਨਤੀਜਾ ਹੈ ਕਿ ਕੈਪਟਨ ਨੂੰ ਲੋਕਾਂ ਨੇ 30 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਅਤੇ ਹੁਣ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਰਦਾਸ ਕਰਵਾਈ ਕਿ ਨਸ਼ਾ ਖਤਮ ਕਰ ਦਵਾਂਗੇ ਪਰ ਨਸ਼ਾ ਪੰਜਾਬ ਵਿਚੋਂ ਖ਼ਤਮ ਨਹੀਂ ਹੋਵੇਗਾ। ਅੱਜ ਪੰਜਾਬ ਦਾ ਨੌਜਵਾਨ ਬੇਰੋਜ਼ਗਾਰ ਹੈ ਜਦੋਂ ਨੌਜਵਾਨਾਂ ਨੂੰ ਨੌਕਰੀ ਮਿਲੇਗੀ ਤਾਂ ਹੀ ਪੰਜਾਬ ਵਿਚੋਂ ਨਸ਼ੇ ਨੂੰ ਠੱਲ੍ਹ ਪਵੇਗੀ। ਵੜਿੰਗ ਨੇ ਕਿਹਾ ਕਿ ਅਕਾਲੀ ਦਲ ਦੇ ਰਾਜ ਵਿਚ ਪੰਜਾਬ ਅੰਦਰ ਹਰ ਤਰ੍ਹਾਂ ਦਾ ਮਾਫੀਆ ਬਣਿਆ। ਨਸ਼ਾ ਮਾਫੀਆ, ਰੇਤ ਮਾਫੀਆ, ਕੇਵਲ ਮਾਫੀਆ, ਟ੍ਰਾਂਸਪੋਰਟ ਮਾਫੀਆ ਦੀਆਂ ਜੜ੍ਹਾਂ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਬਣੀਆਂ ਸਨ ਜਦਕਿ ਕਾਂਗਰਸ ਦੀ ਸਰਕਾਰ ਆਉਣ ’ਤੇ ਇਨ੍ਹਾਂ ’ਤੇ ਨੱਥ ਪਾਈ ਗਈ ਪਰ ਅੱਜ ਫਿਰ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣ ਗਏ ਹਨ। ਪੰਜਾਬ ਵਿਚ ਕਾਲਾ ਦੌਰ ਪਰਤ ਆਇਆ ਹੈ। ਰੋਜ਼ਾਨਾ ਕਤਲ ਹੋ ਰਹੇ ਹਨ। ਪੁਲਸ ਐਨਕਾਊਂਟਰ ਕਰ ਰਹੀ ਹੈ।
ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਵਿਚ ਰੇਤਾ ਕਾਂਗਰਸ ਦੇ ਰਾਜ ਤੋਂ ਵੀ ਮਹਿੰਗੀ ਮਿਲ ਰਹੀ ਹੈ। ਸਸਤੀ ਰੇਤਾ ਦੇ ਨਾਂ ’ਤੇ ਬਲੈਕ ਹੋ ਰਿਹਾ ਹੈ। ਪੰਜਾਬ ਵਿਚ 664 ਮੁਹੱਲਾ ਕਲੀਨਿਕ ਖੋਲ੍ਹੇ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਪੰਜਾਬ ਵਿਚ ਸਾਢੇ 13 ਹਜ਼ਾਰ ਪਿੰਡ ਨੂੰ 664 ਮੁਹੱਲਾ ਕਲੀਨਿਕ ਕਿਸ ਤਰ੍ਹਾਂ ਸੰਭਾਲ ਸਕਦੇ ਹਨ। ਅੱਜ ਇਕ ਵੀ ਨਵਾਂ ਸਕੂਲ ਨਹੀਂ ਬਣ ਰਿਹਾ, ਇਕ ਵੀ ਹਸਪਤਾਲ ਨਹੀਂ ਬਣ ਰਿਹਾ। ਮੁੱਖ ਮੰਤਰੀ ਭਗਵੰਤ ਮਾਨ ਰੋਜ਼ਾਨਾ ਕਿੱਸੇ ਕਹਾਣੀਆਂ ਸੁਣਾ ਕੇ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਪਿਛਲੇ ਦਿਨੀਂ ਪੰਜਾਬ ਵਿਚ 40 ਪੈਸੇ ਬਿਜਲੀ ਮਹਿੰਗੀ ਹੋਈ, ਪੈਟਰੋਲ-ਡੀਜ਼ਲ ’ਤੇ ਵੈਟ ਵਧਾਇਆ ਗਿਆ। ਵੜਿੰਗ ਨੇ ਕਿਹਾ ਕਿ ਕਾਂਗਰਸ ਦੇ ਪੰਜ ਸਾਲਾਂ ਦੇ ਰਾਜ ਵਿਚ 70 ਹਜ਼ਾਰ ਕਰੋੜ ਦਾ ਕਰਜ਼ਾ ਲਿਆ ਸੀ, ਅੱਜ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਪੰਜਾਬ ਵਿਚ ਹਰ ਨਵਾਂ ਬੱਚਾ 2 ਲੱਖ ਰੁਪਏ ਦਾ ਕਰਜ਼ਾਈ ਹੈ।
ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਬੋਲਦਿਆਂ ਵੜਿੰਗ ਨੇ ਕਿਹਾ ਕਿ ਅੱਜ ਪੰਜਾਬ ਵਿਚ ਕਾਲਾ ਦੌਰ ਪਰਤ ਆਇਆ ਹੈ। ਰੋਜ਼ਾਨਾ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਐਨਕਾਊਂਟਰ ਹੋ ਰਹੇ ਹਨ। ਜਦਕਿ ਪੰਜਾਬ ਸਰਕਾਰ ਨੇ ਅਜੇ ਤਕ ਸਾਡੀਆਂ ਭੈਣਾਂ ਨੂੰ ਇਕ ਹਜ਼ਾਰ ਰੁਪਏ ਦੇਣ ਦਾ ਵਾਅਦਾ ਤਕ ਪੂਰਾ ਨਹੀਂ ਕੀਤਾ ਹੈ ਜਦਕਿ ਪੰਜਾਬ ਸਰਕਾਰ ਦਾ 900 ਕਰੋੜ ਰੁਪਏ ਦਾ ਬਜਟ ਸਿਰਫ ਤਸਵੀਰਾਂ ਲਗਾਉਣ ਦਾ ਹੀ ਹੁੰਦਾ ਹੈ।