ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

Sunday, Feb 11, 2024 - 06:23 PM (IST)

ਚੰਗੇ ਭਵਿੱਖ ਦੀ ਚਾਹਤ ਰੱਖ ਨੌਜਵਾਨ ਵਿਦੇਸ਼ਾਂ ਨੂੰ ਕਰ ਰਹੇ ਕੂਚ, ਪੰਜਾਬ ’ਚ ਅਨੇਕਾਂ ਘਰਾਂ ਤੇ ਕੋਠੀਆਂ ਨੂੰ ਲੱਗੇ ਜ਼ਿੰਦਰੇ

ਗੁਰਦਾਸਪੁਰ (ਵਿਨੋਦ)-ਪੰਜਾਬ ’ਚ ਕੁਝ ਨਾ ਬਣਦਾ ਵੇਖ ਨੌਜਵਾਨਾਂ ਨੇ ਆਪਣੇ ਚੰਗੇ ਭਵਿੱਖ ਦੀ ਕਾਮਨਾ ਨੂੰ ਲੈ ਕੇ ਵਿਦੇਸ਼ਾਂ ਵੱਲ ਰੁਖ ਕੀਤਾ ਹੋਇਆ ਹੈ। ਅੱਜ ਅਨਪੜ੍ਹ ਅਤੇ ਪੜ੍ਹਿਆਂ ਲਿਖਿਆ ਨੌਜਵਾਨ ਵਰਗ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਜਾਣ ਨੂੰ ਆਪਣਾ ਸੁਪਨਾ ਬਣਾ ਚੁੱਕਾ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆਂ, ਨਿਊਜ਼ੀਲੈਂਡ, ਕੁਵੈਤ, ਦੁਬਈ, ਲੋਹਾ ਕਤਰ ਸਮੇਤ ਯੂਰਪ ਵਰਗੇ ਦੇਸ਼ਾਂ ਵਿਚ ਜਾਣ ਵਾਲੇ ਇਹ ਨੌਜਵਾਨ ਆਪਣੇ ਦੇਸ਼ ਅਤੇ ਪੰਜਾਬ ਤੋਂ ਨਿਰਾਸ਼ਾ ਹੋ ਕੇ ਵਿਦੇਸ਼ ਜਾਣ ਨੂੰ ਪਹਿਲ ਦੇ ਰਹੇ ਹਨ ਪਰ ਜਿਸ ਤਰ੍ਹਾਂ ਨਾਲ ਇਹ ਨੌਜਵਾਨ ਵਰਗ ਆਪਣੇ ਦੇਸ਼ ’ਚ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਦੇਸ਼ ਛੱਡ ਰਹੇ ਹਨ, ਉਹ ਸਮਾਂ ਦੂਰ ਨਹੀਂ ਜਦੋਂ ਇਹ ਦੇਸ਼ ਅਤੇ ਪੰਜਾਬ ਬੁੱਢਿਆਂ ਦਾ ਦੇਸ਼ ਕਿਹਾ ਜਾਵੇਗਾ, ਕਿਉਂਕਿ ਅੱਜ ਵੀ ਪੰਜਾਬ ਸਮੇਤ ਬਹੁਤ ਸਾਰੇ ਸੂਬੇ ਹਨ, ਜਿੱਥੇ ਕਈ ਕਈ ਪਿੰਡਾਂ ਦੇ ਪੂਰੇ ਪਰਿਵਾਰ ਵਿਦੇਸ਼ਾਂ ’ਚ ਜਾ ਕੇ ਪੱਕੇ ਹੋ ਚੁੱਕੇ ਹਨ।

ਜੇਕਰ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਕਈ ਅਜਿਹੇ ਪਿੰਡ ਹਨ, ਜਿੱਥੋਂ ਹਰ ਪਰਿਵਾਰ ਦੇ 3-4 ਪਰਿਵਾਰਕ ਮੈਂਬਰ ਜਾਂ ਪੂਰਾ ਪਰਿਵਾਰ ਵਿਦੇਸ਼ਾਂ ’ਚ ਜਾ ਕੇ ਪੱਕੇ ਹੋ ਚੁੱਕੇ ਹਨ, ਜਿਸ ਕਾਰਨ ਕਈ ਘਰਾਂ ਦੀਆਂ ਕੋਠੀਆਂ ਨੂੰ ਜ਼ਿੰਦਰੇ ਤੱਕ ਲੱਗ ਚੁੱਕੇ ਹਨ। ਵਿਦੇਸ਼ ਦੀ ਚਾਹਤ ਨੇ ਤਾਂ ਕਈਆਂ ਨੂੰ ਮਾਲੋਮਾਲ ਕਰ ਦਿੱਤਾ ਹੈ ਅਤੇ ਕਈਆਂ ਨੂੰ ਕਰਜ਼ਾਈ ਕਰ ਦਿੱਤਾ।

ਇਸ ਤਰ੍ਹਾਂ ਨਾਲ ਰੋਜ਼ਾਨਾਂ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਹਨ, ਉਸ ਨਾਲ ਇੰਝ ਲੱਗਦਾ ਹੈ ਕਿ ਉਹ ਸਮਾਂ ਦੂਰ ਨਹੀਂ, ਜਦੋਂ ਪੰਜਾਬ ਬੁੱਢਿਆਂ ਦਾ ਸੂਬਾ ਵੱਜਣ ਲੱਗ ਪਵੇਗਾ। ਹਰੇਕ ਨੌਜਵਾਨ ਮੁੰਡਾ-ਕੁੜੀ ਹੁਣ ਬਾਰ੍ਹਵੀਂ ਤੋਂ ਬਾਅਦ ਆਈਲੈਟਸ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਪੰਜਾਬ ਨੂੰ ਅਲਵਿਦਾ ਆਖ ਵਿਦੇਸ਼ ਉਡਾਰੀ ਮਾਰ ਜਾਂਦਾ ਹੈ।

ਇਹ ਵੀ ਪੜ੍ਹੋ :  ਭਿਆਨਕ ਸੜਕ ਹਾਦਸੇ ਨੇ ਉਜਾੜਿਆ ਪਰਿਵਾਰ, ਚੜ੍ਹਦੀ ਜਵਾਨੀ 'ਚ ਨੌਜਵਾਨ ਦੀ ਮੌਤ

ਦੇਸ਼ ਛੱਡਣ ਦਾ ਮੁੱਖ ਕਾਰਨ ਬੇਰੋਜ਼ਗਾਰੀ?

ਹਰ ਸਾਲ ਲੱਖਾਂ ਨੌਜਵਾਨ ਪੜ੍ਹਨ ਲਿਖਣ ਤੋਂ ਬਾਅਦ ਰੋਜ਼ਗਾਰ ਪ੍ਰਾਪਤ ਕਰਨ ’ਚ ਲੱਗ ਜਾਂਦੇ ਹਨ। ਦੇਸ਼ ਅੰਦਰ ਬੇਰੋਜ਼ਗਾਰਾਂ ਦੀ ਗਿਣਤੀ ਵਿਚ ਹਰ ਸਾਲ ਵੱਡਾ ਵਾਧਾ ਹੋ ਰਿਹਾ ਹੈ। ਉਨ੍ਹਾਂ ਵਿਚ ਅਨੁਸ਼ਾਸਨਹੀਣਤਾਂ ਅਤੇ ਸਹਿਣਸ਼ੀਲਤਾਂ ਦੀ ਕਮੀ ਆਮ ਵੇਖਣ ਨੂੰ ਮਿਲਦੀ ਹੈ। ਦੇਸ਼ ਵਿਚ ਕੁਝ ਨਾ ਬਣਦਾ ਵੇਖ ਕੇ ਨੌਜਵਾਨ ਵਿਦੇਸ਼ਾਂ ਵੱਲ ਰੁਖ ਕਰ ਜਾਂਦੇ ਹਨ। ਚੰਗੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀਆਂ ਲਈ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ ਵਿਚ ਦਰ ਦਰ ਦੀਆਂ ਠੋਕਰਾਂ ਖਾਣ ਉਪਰੰਤ ਚੰਗੀ ਤਨਖ਼ਾਹ ਨਾ ਮਿਲਣ ਦੇ ਕਾਰਨ ਨੌਜਵਾਨਾਂ ਨੂੰ ਮਜ਼ਬੂਰ ਹੋ ਕੇ ਵਿਦੇਸ਼ਾਂ ਵੱਲ ਰੁਖ ਕਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਨੌਜਵਾਨਾਂ ਦਾ ਬਾਹਰਲੇ ਦੇਸ਼ਾਂ ਵੱਲ ਕੂਚ ਕਰਨ ਦਾ ਵੱਡਾ ਕਾਰਨ ਇਹ ਹੈ ਕਿ ਬਾਹਰਲੇ ਦੇਸ਼ਾਂ ’ਚ ਕੰਮ ਕਰਨ ਵਾਲਿਆਂ ਦੀ ਪੂਰੀ ਕਦਰ ਹੈ ਅਤੇ ਉਨ੍ਹਾਂ ਦੀ ਮਿਹਨਤ ਦਾ ਸਹੀਂ ਮੁੱਲ ਉਨ੍ਹਾਂ ਨੂੰ ਮਿਲਦਾ ਹੈ, ਜਿਸ ਕਾਰਨ ਅੱਜ ਨੌਜਵਾਨ ਵਰਗ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ।

ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ ਵਿਚ ਪੁਲਸ ਅਤੇ ਬੀ.ਐੱਸ.ਐੱਫ ਨੇ ਚਲਾਇਆ ਤਲਾਸ਼ੀ ਅਭਿਆਨ

ਮਾਂ-ਬਾਪ ਲੱਖਾਂ ਰੁਪਏ ਖਰਚ ਕਰ ਕੇ ਭੇਜ ਰਹੇ ਹਨ ਵਿਦੇਸ਼

ਪੰਜਾਬ ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਸ਼ਾਖੋਰੀ, ਕਿਸਾਨ ਖੁਦਕੁਸ਼ੀਆਂ ਅਤੇ ਵਿੱਤੀ ਸੰਕਟ ਦੀ ਮਾਰ ਚੱਲ ਰਿਹਾ ਹੈ। ਸਰਕਾਰਾਂ ਬਦਲ ਜਾਂਦੀਆਂ ਹਨ ਪਰ ਲੋਕਾਂ ਦੇ ਮਸਲੇ ਜਿਉਂ ਦੇ ਤਿਉਂ ਹੀ ਰਹਿੰਦੇ ਹਨ। ਸੂਬੇ ਭਰ ਵਿਚ ਨਸ਼ੇ ਨੇ ਬੁਰੀ ਤਰ੍ਹਾਂ ਪੈਰ ਪਸਾਰੇ ਹੋਏ ਹਨ। ਅੱਜ ਮਾਂ-ਬਾਪ ਬੱਚਿਆਂ ਨੂੰ ਨਸ਼ਿਆਂ, ਲੜਾਈ-ਝਗੜੇ, ਗੈਂਗਵਾਰ ਤੋਂ ਬਚਾਉਣ ਲਈ ਲੱਖਾਂ ਰੁਪਏ ਖਰਚ ਕੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ’ਚ ਭੇਜ ਰਹੇ ਹਨ ਪਰ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਫਿਰ ਆਪਣਿਆਂ ਦੇ ਮੂੰਹ ਵੇਖਣ ਨੂੰ ਵੀ ਤਰਸਦੇ ਹਨ।

ਇਹ ਵੀ ਪੜ੍ਹੋ : ਕੇਂਦਰ ਸਰਕਾਰ 13 ਫਰਵਰੀ ਤੋਂ ਪਹਿਲਾਂ ਮੰਗਾਂ ਦਾ ਦੇਵੇ ਜਵਾਬ, ਦਿੱਲੀ ਮਾਰਚ ਦੀਆਂ ਤਿਆਰੀਆਂ ਮੁਕੰਮਲ

ਬੈਂਕਾਂ ਤੋਂ ਮਹਿੰਗੇ ਲੋਨ ਲੈ ਕੇ ਵਿਦੇਸ਼ ਭੇਜਣ ਵਾਲੇ ਕਈ ਮਾਪੇ ਹੋਏ ਕਰਜ਼ਾਈ

ਬੈਂਕਾਂ ਤੋਂ ਮਹਿੰਗੇ ਲੋਨ ਲੈ ਕੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲੇ ਕਈ ਮਾਪਿਆਂ ਦੇ ਬੱਚਿਆਂ ਨੂੰ ਚੰਗਾ ਕੰਮ ਨਾ ਮਿਲਣ ਦੇ ਕਾਰਨ ਉਹ ਮਾਪੇ ਵੀ ਕਰਜ਼ਾਈ ਹੋ ਕੇ ਰਹਿ ਗਏ ਹਨ। ਬੈਂਕਾਂ ਤੋਂ 50-60 ਲੱਖ ਰੁਪਏ ਲੋਨ ਲੈ ਕੇ ਕਈ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜਦੇ ਹਨ ਪਰ ਅੱਗੇ ਕੋਈ ਵੀ ਸਹੀਂ ਢੰਗ ਨਾਲ ਕੰਮ ਨਾ ਮਿਲਣ ਕਾਰਨ ਕਈ ਨੌਜਵਾਨ ਵਾਪਸ ਆਪਣੇ ਘਰਾਂ ਨੂੰ ਪਰਤ ਆਉਦੇ ਹਨ ਜਾਂ ਫਿਰ ਕਈ ਉੱਥੇ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਜਿਹੜਾ ਕਰਜ਼ ਉਨ੍ਹਾਂ ਬੈਂਕ ਤੋਂ ਲਿਆ ਹੁੰਦਾ ਹੈ, ਉਹ ਨਾ ਮੁੜਨ ਦੇ ਕਾਰਨ ਉਨ੍ਹਾਂ ਨੂੰ ਆਤਮ ਹੱਤਿਆ ਲਈ ਮਜ਼ਬੂਰ ਹੋਣਾ ਪੈਂਦਾ ਹੈ।

ਕੀ ਕਹਿਣਾ ਹੈ ਲੋਕਾਂ ਦਾ

ਇਸ ਸਬੰਧੀ ਕੁਝ ਸੂਝਵਾਨ ਲੋਕਾਂ ਦਾ ਕਹਿਣਾ ਸੀ ਕਿ ਮਾਪੇ ਲੱਖਾਂ ਰੁਪਏ ਖਰਚ ਕਰ ਕੇ ਆਪਣੇ ਬੱਚਿਆ ਨੂੰ ਪੜ੍ਹਾਈ ਕਰਵਾਉਂਦੇ ਹਨ ਪਰ ਇੱਥੇ ਰੋਜ਼ਗਾਰ ਨਾ ਮਿਲਣ ਕਾਰਨ ਬੱਚੇ ਗਲਤ ਸੰਗਤ ਵਿਚ ਪੈ ਜਾਂਦੇ ਹਨ, ਜੇਕਰ ਸਰਕਾਰਾਂ ਚੰਗੇ ਰੋਜ਼ਗਾਰ ਦੀ ਗਾਰੰਟੀ ਦੇਣ ਤਾਂ ਕੋਈ ਵੀ ਮਾਪੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਤੋਂ ਉਹਲੇ ਨਾ ਕਰਨ। ਨੌਜਵਾਨਾਂ ਵਾਸਤੇ ਸਰਕਾਰਾਂ ਨੂੰ ਰੋਜ਼ਗਾਰ ਦੇ ਵਿਸ਼ੇਸ਼ ਮੌਕੇ ਉਜਾਗਰ ਕਰਨ ਦੀ ਲੋੜ ਹੈ ਤਾਂ ਕਿ ਉਹ ਬਿਗਾਨੇ ਮੁਲਕਾਂ ਵੱਲ ਮੂੰਹ ਨਾ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News