ਅਣਪਛਾਤਿਆਂ ਨੇ ਕੀਤਾ ਨੌਜਵਾਨ ਦਾ ਗੋਲੀ ਮਾਰ ਕੇ ਕਤਲ
Tuesday, Dec 03, 2019 - 11:53 PM (IST)

ਬਾਲਿਆਂਵਾਲੀ,(ਸ਼ੇਖਰ): ਨੇੜਲੇ ਪਿੰਡ ਭੂੰਦੜ ਵਿਖੇ ਮੰਗਲਵਾਰ ਇਕ ਨੌਜਵਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਰਣਜੀਤ ਸਿੰਘ ਉਰਫ ਰਾਣਾ (32 ਸਾਲ) ਪੁੱਤਰ ਗੁਰਜੰਟ ਸਿੰਘ ਇਕ ਜਿੰਮੀਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ। ਉਕਤ ਨੌਜਵਾਨ ਪਹਿਲਾਂ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਤੇ ਹੁਣ ਬੇਰੁਜ਼ਗਾਰ ਸੀ। ਦੁਪਹਿਰ ਬਾਅਦ ਉਹ ਭੂੰਦੜ-ਢੱਡੇ ਰੋਡ 'ਤੇ ਪੁਲ ਦੇ ਨੇੜੇ ਗੁਰਦੁਆਰਾ ਬੇਰੀ ਸਾਹਿਬ ਦੇ ਨਜ਼ਦੀਕ ਉਸ ਦਾ ਕੁਝ ਵਿਅਕਤੀਆਂ ਵਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੋਲੀ ਮ੍ਰਿਤਕ ਦੀ ਛਾਤੀ 'ਚ ਲੱਗੀ, ਜਿਸ ਦੌਰਾਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਰਣਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਅਜੇ ਕੁਆਰਾ ਸੀ।
ਇਸ ਮੌਕੇ ਪਹੁੰਚੇ ਗੁਰਬਿੰਦਰ ਸਿੰਘ ਸੰਘਾ ਐਸ. ਪੀ. (ਇਨਵੈਸਟੀਗੇਸ਼ਨ) ਬਠਿੰਡਾ ਨੇ ਦੱਸਿਆ ਕਿ ਪੁਲਸ ਵਲੋਂ 3-4 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਜ਼ਰਮ ਪੁਲਸ ਦੀ ਗ੍ਰਿਫਤ 'ਚ ਹੋਣਗੇ। ਇਸ ਮੌਕੇ ਜਸਵੀਰ ਸਿੰਘ ਡੀ.ਐਸ.ਪੀ. ਮੌੜ, ਤਰਜਿੰਦਰ ਸਿੰਘ ਇੰਚਾਰਜ ਸੀ. ਆਈ. ਏ. ਸਟਾਫ ਬਠਿੰਡਾ ਤੇ ਥਾਣਾ ਬਾਲਿਆਂਵਾਲੀ ਦੇ ਐਸ. ਐਚ. ਓ. ਜੈ ਸਿੰਘ ਆਪਣੀਆਂ ਪੁਲਸ ਪਾਰਟੀਆਂ ਸਮੇਤ ਹਾਜ਼ਰ ਸਨ।