ਪੰਜਾਬ ''ਚ ਹੋਈ ਸਨਸਨੀਖੇਜ਼ ਵਾਰਦਾਤ, ਮਾਮੂਲੀ ਝਗੜੇ ਪਿੱਛੋਂ ਗੱਡੀ ਨਾਲ ਕੁਚਲ ਕੇ ਮਾਰ''ਤਾ ਨੌਜਵਾਨ
Friday, Jul 19, 2024 - 03:33 AM (IST)
ਫਗਵਾੜਾ (ਜਲੋਟਾ)- ਫਗਵਾੜਾ 'ਚ ਪਿੰਡ ਗੰਡਵਾ ਰੋਡ 'ਤੇ ਨਵਾਂ ਪਿੰਡ ਨਾਰੰਗਸ਼ਾਹਪੁਰ ਨੇੜੇ ਇਨੋਵਾ ਸਵਾਰ ਚਾਰ ਨੌਜਵਾਨਾਂ ਵੱਲੋਂ ਕੁਝ ਨੌਜਵਾਨਾਂ ਨਾਲ ਮਾਮੂਲੀ ਝਗੜੇ ਤੋਂ ਬਾਅਦ ਇਨੋਵਾ ਕਾਰ ਨਾਲ ਕੁਚਲ ਕੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਸਨਸਨੀਖੇਜ਼ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਕੁਮਾਰ ਉਰਫ ਲੱਕੀ ਵਾਸੀ ਨਵਾਂ ਪਿੰਡ ਨਾਰੰਗਸ਼ਾਹਪੁਰ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ ਹੈ।
ਇਸ ਮਾਮਲੇ 'ਚ ਦੋਵਾਂ ਧਿਰਾਂ ਦੇ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਜ਼ਖਮੀ ਨੌਜਵਾਨਾਂ ਦੀ ਪਛਾਣ ਵਿਪਨ ਕੁਮਾਰ ਅਤੇ ਹਰਪਿੰਦਰ ਸਿੰਘ ਉਰਫ਼ ਕਾਕਾ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੁਰਾਇਆ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ, ਜਿਨ੍ਹਾਂ ਦਾ ਸਿਵਲ ਹਸਪਤਾਲ ਵਿਚ ਸਰਕਾਰੀ ਡਾਕਟਰਾਂ ਦੀ ਟੀਮ ਵਲੋਂ ਇਲਾਜ ਕੀਤਾ ਜਾ ਰਿਹਾ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਪੂਰਥਲਾ ਦੀ ਐੱਸ.ਐੱਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਫਗਵਾੜਾ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਦਲਜੀਤ ਸਿੰਘ ਅਤੇ ਸੰਨੀ ਵਜੋਂ ਹੋਈ ਹੈ। ਪੁਲਸ ਨੇ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਢੰਡਾ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ, ਸੰਨੀ ਪੁੱਤਰ ਹਰਜਿੰਦਰ ਕੁਮਾਰ ਵਾਸੀ ਪਿੰਡ ਅਠੋਲੀ ਥਾਨਾ ਸਤਨਾਮਪੁਰਾ ਜ਼ਿਲ੍ਹਾ ਕਪੂਰਥਲਾ, ਰਵੀ ਕੁਮਾਰ ਪੁੱਤਰ ਗਰੀਬ ਦਾਸ ਵਾਸੀ ਪਿੰਡ ਅਠੋਲੀ ਅਤੇ ਹਰਪਿੰਦਰ ਸਿੰਘ ਪੁਤਰ ਤੇਜਾ ਸਿੰਘ ਵਾਸੀ ਪਿੰਡ ਢੰਡਾ ਪੁਲਸ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਖਿਲਾਫ ਕਤਲ ਦੇ ਦੋਸ਼ ਹੇਠ ਥਾਣਾ ਸਤਨਾਮਪੁਰਾ ਫਗਵਾੜਾ ਵਿੱਚ ਧਾਰਾ 103 (1) ਬੀ.ਐੱਨ.ਐੱਸ. 2023 ਤਹਿਤ ਐੱਫ.ਆਈ.ਆਰ. ਨੰਬਰ 92 ਮਿਤੀ 18 ਜੁਲਾਈ 2024 ਦਰਜ ਕੀਤੀ ਹੈ। ਕਤਲ ਵਿੱਚ ਸ਼ਾਮਲ ਦੋ ਮੁਲਜ਼ਮ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇਨ੍ਹਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀਆਂ ਹਨ।
ਫਗਵਾੜਾ ਦੇ ਡੀ.ਐੱਸ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਗ੍ਰਿਫ਼ਤਾਰ ਕੀਤੇ ਦੋ ਮੁਲਜ਼ਮਾਂ ਕੋਲੋਂ ਕਤਲ ਵਿੱਚ ਵਰਤੀ ਗਈ ਇਨੋਵਾ ਕਾਰ ਨੰਬਰ ਪੀਬੀ 09 ਐਕਸ 6690 ਬਰਾਮਦ ਕਰ ਲਈ ਹੈ। ਪੁਲਸ ਛੇਤੀ ਹੀ ਕਤਲ ਵਿੱਚ ਸ਼ਾਮਲ ਹੋਰ ਦੋ ਮੁਲਜ਼ਮ ਕਾਤਲਾਂ ਨੂੰ ਵੀ ਗ੍ਰਿਫਤਾਰ ਕਰੇਗੀ।
ਇਹ ਵੀ ਪੜ੍ਹੋ- ਪਰਿਵਾਰਕ ਮੈਂਬਰਾਂ ਨੇ ਜਾਇਦਾਦ 'ਚੋਂ ਹਿੱਸਾ ਦੇਣ ਤੋਂ ਕੀਤਾ ਇਨਕਾਰ, ਤਾਂ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
ਪਹਿਲਾਂ ਬੱਸ ਸਟੈਂਡ 'ਤੇ ਦੋਵਾਂ ਧਿਰਾਂ ਵਿਚਾਲੇ ਮਾਮੂਲੀ ਝਗੜਾ ਹੋਇਆ, ਫਿਰ ਗੰਡਵਾ ਰੋਡ 'ਤੇ ਦੁਬਾਰਾ ਲੜਾਈ ਹੋਈ ਜਿਸ ਦੌਰਾਨ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ- ਐੱਸ.ਐੱਚ.ਓ. ਗੌਰਵ ਧੀਰ
ਕਤਲ ਦੀ ਜਾਂਚ ਕਰ ਰਹੇ ਥਾਣਾ ਸਤਨਾਮਪੁਰਾ ਦੇ ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਰੋਹਿਤ ਕੁਮਾਰ ਉਰਫ ਲੱਕੀ ਦਾ ਕਤਲ ਕਰਨ ਤੋਂ ਪਹਿਲਾਂ ਦੋਸ਼ੀ ਕਾਤਲਾਂ ਦਾ ਸਥਾਨਕ ਬੱਸ ਸਟੈਂਡ 'ਤੇ ਉਸ ਦੇ ਦੋਸਤਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ। ਪਰ ਇਸ ਦੌਰਾਨ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ, ਜਿਸ ਤੋਂ ਬਾਅਦ ਇਨੋਵਾ ਕਾਰ 'ਚ ਸਵਾਰ ਦੋਸ਼ੀ ਕਾਤਲ ਉੱਥੋਂ ਚਲੇ ਗਏ।
ਐੱਸ.ਐੱਚ.ਓ. ਗੌਰਵ ਧੀਰ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਪਿੰਡ ਗੰਡਵਾ ਨੇੜੇ ਗੰਡਵਾ ਰੋਡ 'ਤੇ ਦੋਵਾਂ ਧਿਰਾਂ ਵਿਚਾਲੇ ਫਿਰ ਝਗੜਾ ਹੋਈਆ ਜੋ ਕੁੱਟਮਾਰ 'ਚ ਬਦਲ ਗਿਆ। ਕੁੱਟਮਾਰ ਦੌਰਾਨ ਦੋਵੇਂ ਧਿਰਾਂ ਤੋਂ ਵਿਪਨ ਕੁਮਾਰ ਅਤੇ ਹਰਪਿੰਦਰ ਸਿੰਘ ਉਰਫ ਕਾਕਾ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ। ਇਸ ਦੌਰਾਨ ਦੋਸ਼ੀ ਕਾਤਲ ਹਰਪਿੰਦਰ ਸਿੰਘ ਉਰਫ ਕਾਕਾ ਦੇ ਨਾਲ ਇਨੋਵਾ ਕਾਰ ਵਿਚ ਸਵਾਰ ਇਸ ਦੇ ਤਿੰਨ ਹੋਰ ਸਾਥੀ ਕਾਤਲਾਂ ਨੇ ਮਿਲ ਕੇ ਰੋਹਿਤ ਕੁਮਾਰ ਉਰਫ ਲੱਕੀ ਨੂੰ ਇਨੋਵਾ ਕਾਰ ਨਾਲ ਸੜਕ ਦੇ ਵਿਚਕਾਰ ਕੁਚਲ ਦਿੱਤਾ ਅਤੇ ਇਹ ਸਿਲਸਿਲਾ ਉਦੋਂ ਤੱਕ ਜਾਰੀ ਰੱਖਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਖ਼ਬਰ ਲਿਖੇ ਜਾਣ ਤੱਕ ਪੁਲਸ ਕਤਲ ਕੇਸ ਵਿੱਚ ਸ਼ਾਮਲ ਦੋਸ਼ੀ ਕਾਤਲਾਂ ਦਲਜੀਤ ਸਿੰਘ ਅਤੇ ਸੰਨੀ ਤੋਂ ਸਖ਼ਤੀ ਨਾਲ ਪੁੱਛਗਿੱਛ ਕਰ ਰਹੀ ਹੈ।
ਮ੍ਰਿਤਕ ਦੇ ਸਾਥੀ ਦੋਸਤਾਂ ਦਾ ਦੋਸ਼- ਕਾਤਲਾਂ ਨੇ ਸ਼ਰਾਬ ਪੀਤੀ ਹੋਈ ਸੀ
ਕਤਲ ਕੀਤੇ ਗਏ ਰੋਹਿਤ ਕੁਮਾਰ ਉਰਫ ਲੱਕੀ ਦੇ ਸਾਥੀ ਦੋਸਤਾਂ ਨੇ ਦੱਸਿਆ ਕਿ ਦੋਸ਼ੀ ਕਾਤਲਾਂ ਨੇ ਸ਼ਰਾਬ ਪੀਤੀ ਹੋਈ ਸੀ। ਦੋਸ਼ੀ ਕਾਤਲਾਂ ਨੇ ਇਨੋਵਾ ਕਾਰ ਚ ਉਨ੍ਹਾਂ ਦੇ ਮੋਟਰਸਾਈਕਲ ਦਾ ਪਿੱਛਾ ਕੀਤਾ ਅਤੇ ਫਿਰ ਰੋਹਿਤ ਕੁਮਾਰ ਉਰਫ ਲੱਕੀ ਨੂੰ ਇਨੋਵਾ ਕਾਰ ਦੇ ਹੇਠਾਂ ਕੁਚਲ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਉਨਾਂ ਦਾਅਵਾ ਕੀਤਾ ਕਿ ਦੋਸ਼ੀ ਕਾਤਲਾਂ ਨੇ ਉਸ ਦੇ ਦੋਸਤ ਰੋਹਿਤ ਕੁਮਾਰ ਉਰਫ ਲੱਕੀ ਨੂੰ ਇਨੋਵਾ ਕਾਰ ਦੇ ਹੇਠਾਂ ਚਾਰ ਵਾਰ ਕੁਚਲਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇਲਾਕੇ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਵੀ ਕੈਦ ਹੋਈ ਹੈ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਦੋਸਤਾਂ ਨੂੰ ਕਾਰੋਬਾਰ ਲਈ ਦਿੱਤਾ 1 ਕਰੋੜ, ਪੈਸਾ ਨਾ ਮਿਲਿਆ ਵਾਪਸ ਤਾਂ ਸਦਮੇ ਨੇ ਲੈ ਲਈ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e