ਜਲੰਧਰ ''ਚ ਹਿੱਟ ਐਂਡ ਰਨ ਮਾਮਲਾ : ਰਾਤ ਵੇਲੇ ਸੜਕ ਕਿਨਾਰੇ ਮੂੰਗਫਲੀ ਵੇਚਣ ਵਾਲਿਆਂ ''ਤੇ ਮੌਤ ਬਣ ਕੇ ਚੜ੍ਹੀ ਕਾਰ (ਵੀਡ
Monday, Dec 28, 2015 - 12:42 PM (IST)

ਜਲੰਧਰ (ਰਾਜੇਸ਼) : ਸ਼ਹਿਰ ਦੇ ਮਾਡਲ ਟਾਊਨ ਡੇਅਰੀਆਂ ਨੇੜੇ ਸੜਕ ਕਿਨਾਰੇ ਬੈਠ ਕੇ ਮੂੰਗਫਲੀ ਵੇਚਣ ਵਾਲੇ ਨੌਜਵਾਨਾਂ ''ਤੇ ਬੇਕਾਬੂ ਕਾਰ ਚਾਲਕ ਨੇ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਇਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰਬਰ-6 ਦੇ ਏ. ਐੱਸ. ਆਈ. ਲਖਬੀਰ ਸਿੰਘ ਮੌਕੇ ''ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਗੰਗਾ ਰਾਮ ਨਿਵਾਸੀ ਬਰੇਲੀ ਦੇ ਰੂਪ ਵਿਚ ਹੋਈ ਹੈ ਅਤੇ ਜ਼ਖਮੀ ਜੈਪਾਲ ਦੀ ਹਾਲਤ ਗੰਭੀਰ ਹੈ।
ਘਟਨਾ ਤੋਂ ਬਾਅਦ ਚਾਲਕ ਨੇ ਬਿਨਾਂ ਰੁਕੇ ਉਥੋਂ ਕਾਰ ਭਜਾ ਲਈ। ਹਾਦਸੇ ਦੇ ਬਾਅਦ ਲੋਕਾਂ ਨੇ ਕਾਰ ਚਾਲਕ ਦਾ ਪਿੱਛਾ ਕੀਤਾ ਪਰ ਉਹ ਕਿਸੇ ਦੇ ਹੱਥ ਨਹੀਂ ਆਇਆ। ਲੋਕਾਂ ਨੇ ਕਾਰ ਦਾ ਨੰਬਰ ਪੁਲਸ ਨੂੰ ਦੇ ਦਿੱਤਾ ਹੈ। ਇਸ ਦੇ ਆਧਾਰ ''ਤੇ ਪੁਲਸ ਕਾਰ ਚਾਲਕ ਤੱਕ ਪਹੁੰਚ ਰਹੀ ਹੈ। ਮੌਕੇ ''ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਵਿਚ ਕੁਝ ਨੌਜਵਾਨ ਸਨ, ਜੋ ਹੁੱਲੜਬਾਜ਼ੀ ਕਰ ਰਹੇ ਸਨ ਅਤੇ ਕਥਿਤ ਤੌਰ ''ਤੇ ਨਸ਼ੇ ਵਿਚ ਧੁੱਤ ਸਨ। ਦੇਰ ਰਾਤ ਪੁਲਸ ਨੇ ਕਾਰ ਚਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਲਈ ਸੀ। ਏ. ਐੱਸ. ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਕਾਰ ਦੇ ਨੰਬਰ ਦੇ ਆਧਾਰ ''ਤੇ ਕਾਰ ਚਾਲਕ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।