ਮਾਮੂਲੀ ਗੱਲ ਤੋਂ ਹੋਇਆ ਵਿਵਾਦ, ਅਹਾਤੇ ’ਚ ਬੈਠੇ ਨੌਜਵਾਨ ਦਾ ਕਰਿੰਦੇ ਨੇ ਚਾਕੂ ਮਾਰ ਕੱਟ'ਤਾ ਹੱਥ
Saturday, Nov 19, 2022 - 02:27 AM (IST)
ਲੁਧਿਆਣਾ (ਬੇਰੀ) : ਈ. ਡਬਲਿਊ. ਐੱਸ. ਕਾਲੋਨੀ ਸਥਿਤ ਇਕ ਠੇਕੇ ਤੋਂ ਸ਼ਰਾਬ ਲੈ ਕੇ ਅਹਾਤੇ 'ਚ ਗਏ ਨੌਜਵਾਨ ’ਤੇ ਕਰਿੰਦੇ ਨੇ ਹਮਲਾ ਕਰਕੇ ਚਾਕੂ ਨਾਲ ਉਸ ਦਾ ਹੱਥ ਕੱਟ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਕਰਿੰਦਾ ਭੱਜ ਕੇ ਠੇਕੇ ਵਿਚ ਵੜ ਗਿਆ ਤੇ ਗੇਟ ਬੰਦ ਕਰ ਦਿੱਤਾ। ਜ਼ਖਮੀ ਨੌਜਵਾਨ ਦੇ ਸਾਥੀਆਂ ਨੇ ਅਹਾਤੇ 'ਚ ਤੋੜ-ਭੰਨ ਸ਼ੁਰੂ ਕਰ ਦਿੱਤੀ ਤੇ ਠੇਕੇ ਦਾ ਗੇਟ ਵੀ ਤੋੜਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਥੇ ਘਟਨਾ ਵਾਪਰੀ ਉਥੋਂ ਕੁਝ ਕਦਮਾਂ ਦੀ ਦੂਰੀ ’ਤੇ ਥਾਣਾ ਹੈ ਪਰ ਡਵੀਜ਼ਨ ਨੰ. 7 ਦੀ ਪੁਲਸ ਨੂੰ ਇਹ ਦੂਰੀ ਤੈਅ ਕਰਨ 'ਚ ਢਾਈ ਘੰਟੇ ਲੱਗ ਗਏ। ਪੁਲਸ ਨੇ ਪੁੱਜ ਕੇ ਮਾਮਲਾ ਸ਼ਾਂਤ ਕਰਵਾਇਆ ਤੇ ਜ਼ਖਮੀ ਨੂੰ ਇਲਾਜ ਲਈ ਭੇਜਿਆ।
ਇਹ ਵੀ ਪੜ੍ਹੋ : 4 ਵਿਆਹ ਕਰਵਾਉਣ 'ਤੇ ਵੀ ਨਾ ਰੁਕਿਆ, ਪੈ ਗਿਆ ਖਿਲਾਰਾ, ਇਕ-ਦੂਜੇ ਦੇ ਗਲ਼ ਪਈਆਂ ਔਰਤਾਂ
ਜਾਣਕਾਰੀ ਦਿੰਦਿਆਂ ਈ. ਡਬਲਿਊ. ਐੱਸ. ਕਾਲੋਨੀ ਦੇ ਰਹਿਣ ਵਾਲੇ ਰਣਜੀਤ ਕੁਮਾਰ ਨੇ ਦੱਸਿਆ ਕਿ ਉਸ ਨੇ ਕਰੀਬ 3 ਵਜੇ ਇਲਾਕੇ 'ਚ ਸਥਿਤ ਠੇਕੇ ਤੋਂ ਸ਼ਰਾਬ ਖਰੀਦੀ ਅਤੇ ਉਸ ਦੇ ਨਾਲ ਹੀ ਬਣੇ ਅਹਾਤੇ 'ਚ ਬੈਠ ਗਿਆ। ਉਸ ਨੇ ਅਹਾਤੇ ਦੇ ਕਰਿੰਦੇ ਤੋਂ ਨਮਕੀਨ ਦਾ ਪੈਕੇਟ ਤੇ ਸਲਾਦ ਮੰਗਿਆ। ਇਸ ਦੌਰਾਨ ਉਨ੍ਹਾਂ ਵਿਚ ਕਿਹਾ-ਸੁਣੀ ਹੋ ਗਈ ਤਾਂ ਕਰਿੰਦੇ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਉਸ ਨੇ ਬਚਾਅ ਲਈ ਹੱਥ ਅੱਗੇ ਕੀਤਾ ਤਾਂ ਉਸ ਦਾ ਹੱਥ ਕੱਟਿਆ ਗਿਆ। ਰਣਜੀਤ ਦਾ ਕਹਿਣਾ ਹੈ ਕਿ ਉਸ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਫਿਰ ਕਰਿੰਦਾ ਠੇਕੇ ਅੰਦਰ ਵੜ ਗਿਆ। ਇਹ ਦੇਖ ਕੇ ਲੋਕ ਵੀ ਗੁੱਸੇ 'ਚ ਆ ਗਏ ਅਤੇ ਉਨ੍ਹਾਂ ਨੇ ਅਹਾਤੇ ਦੇ ਕਰਿੰਦੇ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਪਰ ਉਹ ਨਹੀਂ ਨਿਕਲਿਆ, ਜਿਸ ਤੋਂ ਬਾਅਦ ਲੋਕਾਂ ਨੇ ਅਹਾਤੇ ਵਿਚ ਤੋੜ-ਭੰਨ ਕਰ ਦਿੱਤੀ ਤੇ ਸਾਮਾਨ ਬਾਹਰ ਸੁੱਟ ਦਿੱਤਾ, ਜਿਸ ਤੋਂ ਬਾਅਦ ਠੇਕੇ ਦਾ ਗੇਟ ਹਿਲਾ ਦਿੱਤਾ। ਲੋਕਾਂ ਨੇ ਠੇਕੇ ਦਾ ਸ਼ਟਰ ਹੇਠਾਂ ਸੁੱਟ ਕੇ ਵੀ ਤੋੜ-ਭੰਨ ਕੀਤੀ। ਫਿਰ ਮੌਕੇ ’ਤੇ ਪੁੱਜੀ ਪੁਲਸ ਮੁਲਜ਼ਮ ਕਰਿੰਦੇ ਨੂੰ ਉਥੋਂ ਥਾਣੇ ਲੈ ਗਈ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਮਜੀਠੀਆ 'ਤੇ ਪਲਟਵਾਰ ਕਰਦਿਆਂ ਸਟੇਜ ਤੋਂ ਕੀਤਾ ਵੱਡਾ ਐਲਾਨ, ਜਾਣੋ ਕੀ ਹੈ ਪੂਰਾ ਮਾਮਲਾ
ਉਧਰ, ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ ਇੰਸਪੈਕਟਰ ਸਤਪਾਲ ਸਿੱਧੂ ਨੇ ਦੱਸਿਆ ਕਿ ਲੋਕਾਂ ਵੱਲੋਂ ਲਾਏ ਗਏ ਦੋਸ਼ ਗਲਤ ਹਨ। ਪੁਲਸ ਨੂੰ ਜਦ ਸੂਚਨਾ ਮਿਲੀ ਤਾਂ ਤੁਰੰਤ ਮੁਲਾਜ਼ਮ ਪੁੱਜ ਗਏ ਸਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।