ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ''ਚ ਮਾਰੀ ਛਾਲ, ਬਾਹਰ ਆਈ ਲਾਸ਼

06/05/2019 7:15:29 PM

ਦੋਰਾਹਾ (ਗੁਰਮੀਤ ਕੌਰ)— ਦੋਰਾਹਾ ਦੇ ਨੇੜਲੇ ਪੁਲ ਦੀਪਨਗਰ ਵਿਖੇ ਇਕ ਨੌਜਵਾਨ ਦੀ ਗਰਮੀ ਤੋਂ ਰਾਹਤ ਪਾਉਣ ਲਈ ਸਰਹੰਦ ਨਹਿਰ 'ਚ ਨਹਾਉੁਂਦੇ ਸਮੇਂ ਡੁੱਬਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਬਾਅਦ 'ਚ ਜਿਸ ਦੀ ਪਛਾਣ ਬੇਅੰਤ ਸਿੰਘ 30 ਸਾਲ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਜਿੱਤਵਾਲ ਕਲਾਂ ਥਾਣਾ ਅਹਿਮਦਗੜ੍ਹ•ਜ਼ਿਲਾ•ਸੰਗਰੂਰ ਵਜੋਂ ਹੋਈ ਹੈ।

ਥਾਣਾ ਦੋਰਾਹਾ ਦੇ ਐੱਸ.ਐੱਚ.ਓ. ਕਰਨੈਲ ਸਿੰਘ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਜੀਜਾ ਸੰਤੋਖ ਸਿੰਘ ਪੁੱਤਰ ਪੂਲਾ ਸਿੰਘ ਵਾਸੀ ਪਿੰਡ ਰੁੜਕਾ ਥਾਣਾ ਡੇਹਲੋਂ ਨੇ ਪੁਲਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਮ੍ਰਿਤਕ ਬੇਅੰਤ ਸਿੰਘ ਇਕ ਭੰਗੜਾ ਗਰੁੱਪ 'ਚ ਕੰਮ ਕਰਦਾ ਸੀ ਜੋ ਕਿ ਆਪਣੇ ਦੋਸਤਾਂ ਨਾਲ ਖੰਨਾ ਦੇ ਇਕ ਪੈਲੇਸ 'ਚੋਂ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਵਾਪਿਸ ਪਿੰਡ ਨੂੰ ਆ ਰਿਹਾ ਸੀ। ਮ੍ਰਿਤਕ ਦੇ ਨਾਲ ਉਸਦੇ ਦੋ ਦੋਸਤ ਰਾਜਵੰਤ ਸਿੰਘ ਪੁੱਤਰ ਹਰਮਿੰਦਰ ਸਿੰਘ ਵਾਸੀ ਕੈਲੇ ਥਾਣਾ ਸੁਧਾਰ ਅਤੇ ਮਨਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਲਹਿਰਾ ਥਾਣਾ ਡੇਹਲੋਂ ਵਾਇਆ ਨਹਿਰੋ-ਨਹਿਰੋ ਪਿੰਡ ਨੂੰ ਵਾਪਿਸ ਆ ਰਹੇ ਸਨ। ਦੀਪਨਗਰ ਨੇੜੇ ਪਹੁੰਚਦਿਆਂ ਹੀ ਮ੍ਰਿਤਕ ਬੇਅੰਤ ਸਿੰਘ ਨੇ ਗਰਮੀ ਜ਼ਿਆਦਾ ਹੋਣ ਕਾਰਨ ਆਪਣੇ ਦੋਸਤਾਂ ਕੋਲ ਨਹਿਰ 'ਚ ਨਹਾਉਣ ਦੀ ਇੱਛਾ ਪ੍ਰਗਟਾਈ, ਪੰ੍ਰਤੂ ਉਸਦੇ ਦੋਸਤਾਂ ਨੇ ਕਿਹਾ ਕਿ ਉਹ ਤੈਰਨਾ ਨਹੀਂ ਜਾਣਦੇ। ਜਿਸ 'ਤੇ ਮ੍ਰਿਤਕ ਨੇ ਕਿਹਾ ਕਿ ਉਸਨੂੰ ਤੈਰਨਾ ਆਉਂਦਾ ਹੈ ਤਾਂ ਮ੍ਰਿਤਕ ਨੇ ਨਹਾਉਣ ਲਈ ਦੀਪਨਗਰ ਪੁਲ ਤੋਂ ਸਰਹੰਦ ਨਹਿਰ 'ਚ ਛਾਲ ਮਾਰ ਦਿੱਤੀ। ਜਿਉਂ ਹੀ ਉਸ ਨੇ ਨਹਿਰ 'ਚ ਛਾਲ ਮਾਰੀ ਤਾਂ ਉਹ ਨਹਿਰ ਵਿਚੋਂ ਬਾਹਰ ਨਹੀਂ ਆਇਆ। ਦੋਸਤਾਂ ਵੱਲੋਂ ਰੌਲਾ ਪਾਉਣ 'ਤੇ ਜਦੋਂ  ਗੋਤਾਖੋਰਾਂ ਨੇ ਬੇਅੰਤ ਸਿੰਘ ਦੀ ਨਹਿਰ 'ਚ ਤਲਾਸ਼ ਕੀਤੀ ਤਾਂ ਕੁਝ ਕੁ ਦੂਰੀ ਤੋਂ ਮ੍ਰਿਤਕ ਬੇਅੰਤ ਸਿੰਘ ਦੀ ਲਾਸ਼ ਬਰਾਮਦ ਹੋਈ।

ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿਛੇ ਆਪਣੀ ਪਤਨੀ ਤੋਂ ਇਲਾਵਾ 4 ਬੱਚਿਆਂ ਨੂੰ ਛੱਡ ਗਿਆ ਹੈ।


Baljit Singh

Content Editor

Related News