ਵਾਲੀਵਾਲ ਦੇ ਨੈੱਟ ਤੋਂ ਹੋਈ ਤੂੰ-ਤੂੰ ਮੈਂ-ਮੈਂ, 3 ਨੌਜਵਾਨਾਂ ਨੂੰ ਘਰ ਆ ਕੇ ਮਾਰੀਆਂ ਗੋਲੀਆਂ
Tuesday, Jan 28, 2020 - 06:56 PM (IST)
ਤਰਨਤਾਰਨ (ਰਮਨ/ਨਰਿੰਦਰ) : ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਮੀਆਂਪੁਰ ਵਿਖੇ ਮੰਗਲਵਾਰ ਸਵੇਰੇ ਵਾਲੀਵਾਲ ਖੇਡ ਨੂੰ ਲੈ ਕੇ ਮਾਮੂਲੀ ਤਕਰਾਰ ਤੋਂ ਬਾਅਦ ਇਕ ਘਰ ਵਿਚ ਦਾਖਲ ਹੋ ਕੁੱਝ ਵਿਅਕਤੀਆਂ ਨੇ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਹਮਲਾਵਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਵੀ ਹਮਲਾ ਕੀਤਾ ਗਿਆ। ਹਮਲੇ ਦੌਰਾਨ ਤਿੰਨ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਇਸ ਘਟਨਾ ਦਾ ਪਤਾ ਲੱਗਦੇ ਹੀ ਡੀ.ਐੱਸ.ਪੀ ਸਿਟੀ ਸੁੱਚਾ ਸਿੰਘ ਬੱਲ ਸਮੇਤ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਨੇ ਪੰਜ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਗੋਲੀਆਂ ਲੱਗਣ ਕਾਰਨ ਜ਼ਖਮੀ ਵਿਅਕਤੀ ਅੱਜ ਕਈ ਘੰਟੇ ਤੱਕ ਸਹੀ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਵੱਖ-ਵੱਖ ਹਸਪਤਾਲਾਂ ਦੇ ਧੱਕੇ ਖਾਂਦੇ ਰਹੇ।
ਜਾਣਕਾਰੀ ਅਨੁਸਾਰ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਦੋਵੇਂ ਪੁੱਤਰ ਸਾਹਿਬ ਸਿੰਘ ਨਿਵਾਸੀ ਪਿੰਡ ਮੀਆਂਪੁਰ ਮੰਗਲਵਾਰ ਸਵੇਰੇ ਆਪਣੇ ਘਰ ਵਿਚ ਮੌਜੂਦ ਸਨ ਤਾਂ ਅਚਾਨਕ ਸਵੇਰੇ ਕਰੀਬ 8.30 ਵਜੇ ਰਾਜੂ ਪੁੱਤਰ ਪ੍ਰਤਾਪ ਸਿੰਘ, ਗੋਪੀ, ਭੋਲਾ, ਸ਼ਮਸ਼ੇਰ ਸਿੰਘ ਤਿੰਨੇ ਪੁੱਤਰ ਕਾਲਾ ਸਿਘ ਅਤੇ ਹਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਸਾਰੇ ਵਾਸੀ ਪਿੰਡ ਮੀਆਂਪੁਰ ਨੇ ਆ ਕੇ ਉਨ੍ਹਾਂ 'ਤੇ ਹਮਲਾ ਕਰਦੇ ਹੋਏ ਗੋਲੀਆਂ ਚਲਾਉਣੀਆਂ ਸ਼ੂਰੂ ਕਰ ਦਿੱਤੀਆਂ। ਇਸ ਹਮਲੇ ਦੌਰਾਨ ਮਨਪ੍ਰੀਤ ਸਿੰਘ ਅਤੇ ਲਵਪ੍ਰੀਤ ਸਿੰਘ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਬਚਾਅ ਲਈ ਅੱਗੇ ਆਏ ਨੇੜੇ ਰਹਿੰਦੇ ਗਗਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਵੀ ਕਿਰਪਾਨ ਲੱਗਣ ਕਾਰਨ ਜ਼ਖਮੀ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਹਿਬ ਸਿੰਘ ਪੁੱਤਰ ਦਿਆਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਦੀ ਗਰਾਊਂਡ ਵਿਚ ਉਸ ਦੇ ਦੋਵੇਂ ਪੁੱਤਾਂ ਵਾਲੀਵਾਲ ਖੇਡਣ ਲਈ ਲਗਾਏ ਗਏ ਨੈਟ ਕਾਰਨ ਤੂੰ-ਤੂੰ ਮੈਂ-ਮੈਂ ਹੋਈ ਸੀ ਜਿਸ ਤੋਂ ਬਾਅਦ ਅੱਜ ਉਕਤ ਵਿਅਕਤੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਤੇ ਫਰਾਰ ਹੋ ਗਏ। ਸਾਹਿਬ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਪਹਿਲਾਂ ਕਸੇਲ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਤਰਨਤਾਰਨ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ, ਜਿਥੇ ਐੱਸ.ਐੱਮ.ਓ ਡਾ.ਇੰਦਰ ਮੋਹਨ ਗੁਪਤਾ ਵੱਲੋਂ ਉਨ੍ਹਾਂ ਨੂੰ ਇਹ ਕਹਿ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਕਿ ਹਸਪਤਾਲ ਦੀ ਐਕਸ ਰੇ ਮਸ਼ੀਨ ਖਰਾਬ ਹੈ। ਉਨ੍ਹਾਂ ਰੋਸ ਜ਼ਾਹਰ ਕੀਤਾ ਕਿ ਜ਼ਖਮੀਆਂ ਵੱਲੋਂ ਦਰਦ ਹੋਣ ਦੇ ਬਾਵਜੂਦ ਕੋਈ ਦਵਾਈ ਨੇ ਦਿੰਦੇ ਹੋਏ ਅੰਮ੍ਰਿਤਸਰ ਰੈਫਰ ਕਰ ਦੇਣਾ ਕਈ ਸਵਾਲ ਖੜ੍ਹੇ ਕਰਦਾ ਹੈ।
ਉਧਰ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਹਸਪਤਾਲ ਦੀ ਮਸ਼ੀਨ ਖਰਾਬ ਹੋਣ ਕਰਕੇ ਜ਼ਖਮੀਆਂ ਨੂੰ ਰੈਫਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਸੁਚੱਾ ਸਿੰਘ ਬੱਲ ਨੇ ਦੱਸਿਆ ਕਿ ਸਾਹਿਬ ਸਿੰਘ ਦੇ ਬਿਆਨਾਂ ਤਹਿਤ ਥਾਣਾ ਸਰਾਏ ਅਮਾਨਤ ਖਾਂ ਵਿਖੇ ਉਕਤ ਪੰਜਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।