ਜ਼ਮੀਨ ਦਾ ਰੱਫੜ ਬਣਿਆ ਖ਼ੂਨੀ, ਦਿਨ-ਦਿਹਾੜੇ ਹੋਈ ਵਾਰਦਾਤ ਦੇਖ ਕੰਬੇ ਲੋਕ
Saturday, Jun 20, 2020 - 06:32 PM (IST)
ਲੁਧਿਆਣਾ (ਜ.ਬ.) : ਪਿੰਡ ਭੱਟੀਆਂ 'ਚ ਜ਼ਮੀਨੀ ਰੱਫੜ ਦੇ ਚੱਲਦੇ 2 ਧਿਰਾਂ ਵਿਚ ਹੋਏ ਝਗੜੇ ਦੌਰਾਨ ਇਕ ਧਿਰ ਨੇ ਗੋਲੀ ਚਲਾ ਦਿੱਤੀ, ਜਿਸ ਵਿਚ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਦੇ ਹੌਸਲੇ ਇਸ ਤਰ੍ਹਾਂ ਬੁਲੰਦ ਸਨ ਕਿ ਉਨ੍ਹਾਂ ਨੇ ਜ਼ਖਮੀ ਨੌਜਵਾਨ ਨਾਲ ਇਕ ਵਿਅਕਤੀ ਨੂੰ ਅਗਵਾ ਕਰ ਲਿਆ ਅਤੇ ਲਗਭਘ ਘੰਟੇ ਬਾਅਦ ਕ੍ਰਿਸ਼ਚੀਅਨ ਮੈਡੀਕਲ ਕਾਲਜ ਸਥਿਤ ਹਸਪਤਾਲ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ ਜਿਸ ਤੋਂ ਬਾਅਦ ਜ਼ਖਮੀ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਉਧਰ ਘਟਨਾ ਦੀ ਜਾਣਕਾਰੀ ਮਿਲਣ 'ਤੇ ਕ੍ਰਾਈਮ ਬ੍ਰਾਂਚ ਦੇ ਏ. ਸੀ. ਪੀ. ਮਨਦੀਪ ਸਿੰਘ, ਉੱਤਰੀ ਇਲਾਕੇ ਦੇ ਏ. ਸੀ. ਪੀ. ਗੁਰਬਿੰਦਰ ਸਿੰਘ, ਥਾਣਾ ਸਲੇਮ ਟਾਬਰੀ ਮੁਖੀ ਗੋਪਾਲ ਕ੍ਰਿਸ਼ਨ ਦਲ-ਬਲ ਸਮੇਤ ਮੌਕਾ-ਏ-ਵਾਰਤਾਤ 'ਤੇ ਪੁੱਜੇ। ਸਬੂਤ ਇਕੱਤਰ ਕਰਨ ਲਈ ਵਿਧੀ ਵਿਗਿਆਨ ਪ੍ਰਯੋਗਸ਼ਾਲੀ ਦਸਤੇ ਨੂੰ ਬੁਲਾਇਆ ਗਿਆ। ਪੁਲਸ ਨੂੰ ਮੌਕੇ ਤੋਂ ਚੱਲਿਆ 45 ਬੋਰ ਦਾ ਖਾਲੀ ਕਾਰਤੂਸ ਮਿਲਿਆ ਹੈ, ਜੋ ਕਬਜ਼ੇ ਵਿਚ ਲੈ ਲਿਆ ਹੈ।
ਵਿਵਾਦ ਪਿੰਡ ਦੇ ਸ਼ਮਸ਼ਾਨਘਾਟ ਦੇ ਸਾਹਮਣੇ ਪਈ ਕਰੀਬ 4 ਏਕੜ ਜ਼ਮੀਨ ਨਾਲ ਜੁੜਿਆ ਹੋਇਆ ਹੈ। ਇਹ ਜ਼ਮੀਨ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਪਿੰਡ ਬੁਢਡਾਥਾ ਦੇ ਜਸਵਿੰਦਰ ਨੇ ਤਰਨਤਾਰਨ ਦੇ ਗੁਰਨੇਕ ਸਿੰਘ ਤੋਂ ਖਰੀਦੀ ਸੀ ਜਿਸ 'ਤੇ ਉਹ ਕਾਲੋਨੀ ਕੱਟ ਰਿਹਾ ਹੈ। ਦੁਪਹਿਰ ਕਰੀਬ 12.30 ਵਜੇ ਸਫੇਦ ਰੰਗ ਦੀ ਸਵਿਫਟ ਕਾਰ 'ਚ ਬਹਾਦਰਕੇ ਇਲਾਕਾ ਜਸਮੋਹਨ ਹਥਿਆਰਾਂ ਨਾਲ ਲੈਸ ਹੋ ਕੇ ਆਪਣੇ 2 ਸਾਥੀਆਂ ਸਮੇਤ ਅਇਆ ਅਤੇ ਆਉਂਦੇ ਹੀ ਜਸਵਿੰਦਰ ਅਤੇ ਉਸ ਦੇ ਚਚੇਰੇ ਭਰਾ ਲਾਭ ਸਿੰਘ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਲਾਭ ਨੇ ਇਸ ਦਾ ਡਟ ਕੇ ਮੁਕਾਬਲਾ ਕੀਤਾ। ਇਸ 'ਤੇ ਹਮਲਾਵਰਾਂ ਨੇ ਇਲਾਕੇ ਦੇ ਲੋਕਾਂ ਦੀਆਂ ਅੱਖਾਂ ਸਾਹਮਣੇ ਗੁੰਡਾਗਰਦੀ ਦਿਖਾਉਂਦੇ ਹੋਏ ਗੋਲੀ ਚਲਾ ਦਿੱਤੀ। ਲਾਭ ਆਪਣਾ ਬਚਾਅ ਕਰਦੇ ਹੋਏ ਇਕ ਪਾਸੇ ਹਟ ਗਿਆ। ਗੋਲੀ ਉਸ ਦੇ ਕੋਲ ਖੜ੍ਹੇ ਜਸਪਾਲ ਉਰਫ ਜੱਸੀ ਦੀ ਲੱਤ ਵਿਚ ਲੱਗੀ, ਜੋ ਕਿ ਦੋਵਾਂ ਧਿਰਾਂ ਵਿਚ ਬਚਾਅ ਦਾ ਯਤਨ ਕਰ ਰਿਹਾ ਸੀ। ਇਸ ਉਪਰੰਤ ਬਦਮਾਸ਼ਾਂ ਨੇ ਹਥਿਆਰਾਂ ਦੇ ਜ਼ੋਰ 'ਤੇ ਜੱਸੀ ਅਤੇ ਜਸਵਿੰਦਰ ਨੂੰ ਅਗਵਾ ਕਰ ਲਿਆ ਅਤੇ ਆਪਣੀ ਕਾਰ ਵਿਚ ਇਕ ਘੰਟੇ ਤੱਕ ਸ਼ਹਿਰ ਦੇ ਗੇੜੇ ਲਾਉਂਦੇ ਰਹੇ। ਇਸ ਦੌਰਾਨ ਉਸ ਨੂੰ ਧਮਕਾਇਆ ਅਤੇ ਬਾਅਦ ਵਿਚ ਇਕ ਹਸਪਤਾਲ ਦੇ ਬਾਹਰ ਸੁੱਟ ਕੇ ਫਰਾਰ ਹੋ ਗਏ। ਲਾਭ ਨੇ ਦੱਸਿਆ ਕਿ ਜੱਸੀ ਉਨ੍ਹਾਂ ਕੋਲ ਨੌਕਰੀ ਕਰਦਾ ਹੈ। ਉਨ੍ਹਾਂ ਕੋਲ ਆਏ ਲੋਕਾਂ ਨੂੰ ਚਾਹ ਪਾਣੀ ਦਿੰਦਾ ਹੈ, ਜੋ ਜ਼ਮੀਨ ਦੇ ਬਿਲਕੁਲ ਕੋਲ ਰਹਿੰਦਾ ਹੈ। ਡਾਕਟਰਾਂ ਨੇ ਆਪ੍ਰੇਸ਼ਨ ਕਰ ਕੇ ਉਸ ਦੀ ਲੱਤ 'ਚੋਂ ਗ਼ੋਲੀ ਕੱਢ ਦਿੱਤੀ, ਜੋ ਕਿ ਹੱਡੀ ਵਿਚ ਜਾ ਧੱਸੀ ਸੀ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ''ਤੇ ਲੀਕ ਹੋਈ ਕੁੱਟਮਾਰ ਦੀ ਇਹ ਵੀਡੀਓ, ਦੇਖ ਖੜ੍ਹੇ ਹੋ ਜਾਣਗੇ ਰੌਂਗਟੇ
ਪਹਿਲਾਂ ਵੀ ਧਮਕਾ ਕੇ ਗਏ ਸਨ ਹਮਲਾਵਰ
ਘਟਨਾ ਸਥਾਨ 'ਤੇ ਮੌਜੂਦ ਲਾਭ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਇਹ ਬਦਮਾਸ਼ ਜ਼ਮੀਨ 'ਤੇ ਆਏ ਸਨ ਅਤੇ ਉਸ ਨੂੰ ਉਸ ਦੇ ਚਚੇਰੇ ਪਰਾ ਜਸਵਿੰਦਰ ਨੂੰ ਧਮਕਾ ਕੇ ਗਏ ਸਨ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ। ਜਦੋਂ ਉਸ ਨੇ ਜ਼ਮੀਨ ਦੇ ਕਾਗਜ਼ ਦਿਖਾਉਣ ਲਈ ਕਿਹਾ ਤਾਂ ਉਹ ਦੇਖ ਲੈਣ ਦੀ ਧਮਕੀ ਦੇ ਕੇ ਚਲੇ ਗਏ ਸਨ। ਉਸ ਨੇ ਦੱਸਿਆ ਕਿ ਜਿਸ ਜ਼ਮੀਨ ਕਰ ਕੇ ਉਨ੍ਹਾਂ ਨਾਲ ਝਗੜਾ ਕਰ ਰਹੇ ਸਨ, ਉਹ ਜ਼ਮੀਨ ਉਨ੍ਹਾਂ ਦੇ ਬਿਲਕੁਲ ਨਾਲ ਲਗਦੀ ਹੈ, ਜਿਸ 'ਤੇ 6 ਹਿੱਸੇਦਾਰ ਸਨ। ਉਨ੍ਹਾਂ ਨੇ 5 ਹਿੱਸੇਦਾਰਾਂ ਤੋਂ 4 ਏਕੜ ਜ਼ਮੀਨ ਖਰੀਦੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ਲਗਾਤਾਰ ਕਹਿਰ ਵਰ੍ਹਾ ਰਿਹਾ ਕੋਰੋਨਾ, 35 ਨਵੇਂ ਮਾਮਲੇ ਆਏ ਸਾਹਮਣੇ