ਸਵਾਂ ਨਦੀ ''ਚ ਡੁੱਬੇ ਨੌਜਵਾਨਾਂ ਦੀ ਦੂਜੇ ਦਿਨ ਵੀ ਭਾਲ ਜਾਰੀ

Friday, Apr 19, 2019 - 05:00 PM (IST)

ਸਵਾਂ ਨਦੀ ''ਚ ਡੁੱਬੇ ਨੌਜਵਾਨਾਂ ਦੀ ਦੂਜੇ ਦਿਨ ਵੀ ਭਾਲ ਜਾਰੀ

ਨੂਰਪੁਰਬੇਦੀ (ਭੰਡਾਰੀ) : ਵੀਰਵਾਰ ਦੁਪਹਿਰ ਨੂੰ ਪਿੰਡ ਐਲਗਰਾਂ ਨੇੜੇ ਸਵਾਂ ਨਦੀ 'ਚ ਡੁੱਬੇ ਦੋ ਨੌਜਵਾਨਾਂ ਦਾ ਅਜੇ ਤੱਕ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੇ ਅੱਜ ਦੂਜੇ ਦਿਨ ਵੀ ਗੋਤਾਖੋਰਾਂ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਸੂਬੇ ਦੇ ਕੈਥਲ ਜ਼ਿਲੇ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ 4 ਨੌਜਵਾਨ ਜੋ ਕੰਬਲ ਵੇਚ ਕੇ ਗੁਜ਼ਾਰਾ ਕਰਦੇ ਸਨ, 18 ਅਪ੍ਰੈਲ ਨੂੰ ਨਹਾਉਂਦੇ ਸਮੇਂ ਸਵਾਂ ਨਦੀ ਦੇ ਤੇਜ਼ ਵਹਾਅ 'ਚ ਰੁੜ੍ਹ ਗਏ ਸਨ। ਇਨ੍ਹਾਂ 'ਚੋਂ 2 ਨੌਜਵਾਨਾਂ ਅਜੇ ਤੇ ਰੋਹਿਤ ਕਿਸੇ ਤਰ੍ਹਾਂ ਬਚ ਨਿਕਲਣ 'ਚ ਸਫ਼ਲ ਰਹੇ ਜਦਕਿ ਨਾਬਾਲਗ ਸ਼ਿਵਾ ਤੇ ਸ਼ੌਕੀਨ ਨਦੀ ਦੇ ਡੂੰਘੇ ਪਾਣੀ 'ਚ ਡੁੱਬ ਗਏ। 
ਉਕਤ ਨੌਜਵਾਨਾਂ ਦੇ ਮਾਪੇ ਦੇਰ ਸ਼ਾਮ ਘਟਨਾ ਦਾ ਪਤਾ ਚੱਲਣ 'ਤੇ ਪਹੁੰਚ ਗਏ ਸਨ ਤੇ ਜਿਨ੍ਹਾਂ ਦਾ ਅੱਜ ਵੀ ਰੋ-ਰੋ ਕੇ ਬੁਰਾ ਹਾਲ ਸੀ। ਪਾਣੀ 'ਚ ਡੁੱਬੇ 17 ਸਾਲਾ ਸ਼ਿਵਾ ਨਾਮੀ ਨੌਜਵਾਨ ਦੇ ਪਿਤਾ ਬਾਰੂ ਰਾਮ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜਿਸ ਦੀ ਮੌਤ ਦੇ ਸਦਮੇ ਨੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੂਸਰਾ ਡੁੱਬਣ ਵਾਲਾ ਨੌਜਵਾਨ ਵੀ ਉਨ੍ਹਾਂ ਦੀ ਰਿਸ਼ਤੇਦਾਰੀ 'ਚੋਂ ਹੀ ਸੀ।
ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਰਾਜੀਵ ਚੌਧਰੀ ਤੇ ਚੌਕੀ ਇੰਚਾਰਜ ਕਲਵਾਂ ਏ.ਐੱਸ.ਆਈ. ਜਸਮੇਰ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲੱਭਣ ਲਈ ਪੀਰ ਬਾਬਾ ਜ਼ਿੰਦਾ ਸ਼ਹੀਦ ਸੋਸਾਇਟੀ ਅਤੇ ਵਿਭਾਗ ਦੇ 7 ਗੋਤਾਖੋਰ ਰਾਤ ਤੋਂ ਹੀ ਕੰਮ 'ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਨਦੀ 'ਚ ਗੰਦਾ ਪਾਣੀ ਆਉਣ ਕਾਰਨ ਲਾਸ਼ਾਂ ਨੂੰ ਲੱਭਣ 'ਚ ਦਿੱਕਤ ਪੇਸ਼ ਆ ਰਹੀ ਹੈ।


author

Gurminder Singh

Content Editor

Related News