ਨਕਾਬਪੋਸ਼ਾਂ ਵੱਲੋਂ ਕੀਤੀ ਫਾਇਰਿੰਗ ’ਚ ਗੰਭੀਰ ਜ਼ਖ਼ਮੀ ਹੋਏ 2 ਨੌਜਵਾਨਾਂ ’ਚੋਂ ਇਕ ਨੇ ਤੋੜਿਆ ਦਮ
Tuesday, Mar 08, 2022 - 06:07 PM (IST)
 
            
            ਬਟਾਲਾ (ਜ. ਬ, ਯੋਗੀ, ਅਸ਼ਵਨੀ) : ਕਰੀਬ 3 ਦਿਨ ਪਹਿਲਾਂ ਕਸਬਾ ਵਡਾਲਾ ਬਾਂਗਰ ਵਿਖੇ ਨਕਾਬਪੋਸ਼ਾਂ ਵੱਲੋਂ ਕੀਤੀ ਫਾਇਰਿੰਗ ’ਚ ਗੰਭੀਰ ਜ਼ਖਮੀ ਹੋਏ 2 ਨੌਜਵਾਨਾਂ ’ਚੋਂ ਇਕ ਨੇ ਅੱਜ ਦਮ ਤੋੜ ਦਿੱਤਾ ਹੈ। ਇਸ ਸਬੰਧੀ ਥਾਣਾ ਕਲਾਨੌਰ ਦੇ ਐੱਸ. ਐੱਚ. ਓ. ਰੂਪਇੰਦਰ ਸਿੰਘ ਨੇ ਦੱਸਿਆ ਕਿ ਕਸਬਾ ਵਡਾਲਾ ਬਾਂਗਰ ਵਿਖੇ ਬੀਤੀ 5 ਮਾਰਚ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਵੱਲੋਂ ਨਿੰਦਾ ਚਿਕਨ ਕਾਰਨਰ ’ਚ ਬੈਠੇ ਕੁਝ ਨੌਜਵਾਨਾਂ ’ਤੇ ਫਾਇਰਿੰਗ ਕਰਨ ਦੇ ਨਾਲ-ਨਾਲ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ, ਜਿਸ ਦੇ ਸਿੱਟੇ ਵਜੋਂ ਇਕ ਨੌਜਵਾਨ ਦੀ ਜਿਥੇ ਮੌਤ ਹੋ ਗਈ, ਉਥੇ ਨਾਲ ਹੀ 2 ਨੌਜਵਾਨ ਦਲਜੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਢੇਸੀਆਂ ਅਤੇ ਗਗਨਦੀਪ ਸਿੰਘ ਵਾਸੀ ਭੰਡਵਾਂ ਗੰਭੀਰ ਜ਼ਖਮੀ ਹੋ ਗਏ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਉਕਤ ਜ਼ਖ਼ਮੀਆਂ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਅੱਜ ਸਵੇਰੇ ਨੌਜਵਾਨ ਦਲਜੀਤ ਸਿੰਘ ਦੀ ਦਮ ਤੋੜ ਗਿਆ। ਉਨ੍ਹਾਂ ਦੱਸਿਆ ਕਿ ਦਲਜੀਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤਾ ਹੈ। ਜਦਕਿ ਇਸ ਸਬੰਧੀ ਪਹਿਲਾਂ ਹੀ ਥਾਣਾ ਕਲਾਨੌਰ ਵਿਚ ਅਣਪਛਾਤੇ ਨਕਾਬਪੋਸ਼ਾਂ ਵਿਰੁੱਧ ਧਾਰਾ-302 ਤਹਿਤ ਕੇਸ ਦਰਜ ਕੀਤਾ ਜਾ ਚੁੱਕਿਆ ਹੈ ਅਤੇ ਇਨ੍ਹਾਂ ਦੀ ਤਲਾਸ਼ ਜਾਰੀ ਹੈ ਅਤੇ ਜਲਦ ਹੀ ਪੁਲਸ ਇਸ ਫਾਇਰਿੰਗ ਕਾਂਡ ਤੋਂ ਪਰਦਾ ਚੁੱਕ ਦੇਵੇਗੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            