ਸ਼ੱਕੀ ਹਾਲਾਤ ’ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਲਗਾਏ ਕਤਲ ਦੇ ਦੋਸ਼

Wednesday, May 26, 2021 - 04:39 PM (IST)

ਗੁਰਦਾਸਪੁਰ (ਸਰਬਜੀਤ) : ਖੇਤਾਂ ਵਿਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਲਾਸ਼ ਮਿਲਣ ’ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਜਦਕਿ ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਭਾਰਤ ਭੂਸ਼ਨ ਤੇ ਐੱਸ.ਐੱਚ.ਓ ਸਰਬਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਔਜਲਾ ’ਚ ਪੁੱਜੇ। ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਦਵਿੰਦਰ ਸਿੰਘ ਦੇ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ (27) ਪੁੱਤਰ ਜੋਗਿੰਦਰ ਸਿੰਘ ਵਾਸੀ ਔਜਲਾ ਦੇ ਵੱਡੇ ਭਰਾ ਹਰਪਿੰਦਰ ਸਿੰਘ, ਚਚੇਰੇ ਭਰਾ ਸੰਤੋਖ ਸਿੰਘ, ਤਾਏ ਦੇ ਪੁੱਤ ਅਮਰੀਕ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਦਵਿੰਦਰ ਸਿੰਘ ਦਾ ਦੋਸਤ ਹਰਜੀਤ ਸਿੰਘ ਵਾਸੀ ਪਿੰਡ ਖੱਦਰ ਤੇ ਉਸ ਦੀ ਗਰਭਵਤੀ ਪਤਨੀ ਉਨ੍ਹਾਂ ਦੇ ਘਰ ਪਿੰਡ ਔਜਲਾ ਆਏ। ਉਹ ਗਰਭਵਤੀ ਪਤਨੀ ਦੀ ਦਵਾਈ ਲਿਆਉਣ ਸਬੰਧੀ ਕਹਿ ਕੇ ਦਵਿੰਦਰ ਨੂੰ ਆਪਣੇ ਨਾਲ ਲੈ ਗਏ। ਦਵਿੰਦਰ ਸਿੰਘ ਜਦੋਂ ਮੰਗਲਵਾਰ ਸ਼ਾਮ ਤੱਕ ਘਰ ਨਾ ਪਰਤਿਆ ਤਾਂ ਉਨ੍ਹਾਂ ਹਰਜੀਤ ਸਿੰਘ ਨੂੰ ਫੋਨ ਕੀਤਾ। ਦਵਿੰਦਰ ਸਿੰਘ ਨਾਲ ਫੋਨ ’ਤੇ ਗੱਲ ਕਰਵਾਉਣ ਲਈ ਕਿਹਾ ਤਾਂ ਅੱਗੇ ਹਰਜੀਤ ਸਿੰਘ ਨੇ ਟਾਲ-ਮਟੋਲ ਕਰ ਦਿੱਤੀ। ਰਾਤ ਨੂੰ ਉਹ ਪਿੰਡ ਖੱਦਰ ਪੁੱਜੇ ਤੇ ਉਥੋਂ ਆਪਣੇ ਮਾਮੇ ਦੇ ਨਾਲ ਹਰਜੀਤ ਸਿੰਘ ਦੇ ਘਰ ਗਏ। ਘਰ ’ਚੋਂ ਹਰਜੀਤ ਸਿੰਘ ਤੇ ਉਸ ਦਾ ਭਰਾ ਦਵਿੰਦਰ ਸਿੰਘ ਤੇ ਉਸ ਦਾ ਇਕ ਹੋਰ ਦੋਸਤ ਗਾਇਬ ਸਨ ਜਿਸ ਤੋਂ ਬਾਅਦ ਉਹ ਘਰ ਵਾਪਸ ਆ ਗਏ। ਬੁੱਧਵਾਰ ਸਵੇਰੇ ਉਨ੍ਹਾਂ ਦਵਿੰਦਰ ਸਿੰਘ ਦੇ ਲਾਪਤਾ ਹੋਣ ਸਬੰਧੀ ਪੁਲਸ ਥਾਣਾ ਕਲਾਨੌਰ ਨੂੰ ਦੱਸਿਆ। ਉਹ ਪੁਲਸ ਸਮੇਤ ਪਿੰਡ ਖੱਦਰ ਪੁੱਜੇ ਤਾਂ ਪੁਲਸ ਨੂੰ ਫੋਨ ’ਤੇ ਪਤਾ ਲੱਗਾ ਕਿ ਪਿੰਡ ਲੋਪੋ ਦੇ ਖੇਤਾਂ ’ਚ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਪਈ ਹੈ। ਉੱਥੇ ਜਾ ਕੇ ਵੇਖਿਆ ਤਾਂ ਲਾਸ਼ ਦਵਿੰਦਰ ਸਿੰਘ ਦੀ ਸੀ। ਉਸ ਦਾ ਮੋਟਰਸਾਈਕਲ ਥੋੜੀ ਦੂਰੀ ’ਤੇ ਡਿੱਗਿਆ ਹੋਇਆ ਸੀ। ਹਰਪਿੰਦਰ ਸਿੰਘ, ਅਮਰੀਕ ਸਿੰਘ ਤੇ ਸੰਤੋਖ ਸਿੰਘ ਨੇ ਕਿਹਾ ਕਿ ਉਸ ਦੇ ਭਰਾ ਦਵਿੰਦਰ ਸਿੰਘ ਦਾ ਹਰਜੀਤ ਸਿੰਘ ਤੇ ਉਸ ਦੇ ਦੋਸਤਾਂ ਨੇ ਰਲ ਕੇ ਕਤਲ ਕੀਤਾ ਹੈ। ਇਸ ਮੌਕੇ ਉਨ੍ਹਾਂ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਦਵਿੰਦਰ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ।

ਇਸ ਸਬੰਧੀ ਜਦੋਂ ਘਟਨਾ ਸਥਾਨ ’ਤੇ ਪੁੱਜੇ ਡੀ.ਐੱਸ.ਪੀ ਭਾਰਤ ਭੂਸ਼ਣ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲਸ ਵੱਲੋਂ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਜੀਆਂ ਦੀ ਬਿਆਨਾਂ ਤਹਿਤ ਦੋਸਤ ਹਰਜੀਤ ਸਿੰਘ ਤੇ ਕੁਲਜੀਤ ਸਿੰਘ ਖ਼ਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

 


Gurminder Singh

Content Editor

Related News