ਬਲਟਾਣਾ ਤੋਂ ਨਾਬਾਲਗ ਕੁੜੀ ਸ਼ੱਕੀ ਹਾਲਾਤ ’ਚ ਲਾਪਤਾ
Saturday, Jul 18, 2026 - 11:30 AM (IST)
ਜ਼ੀਰਕਪੁਰ (ਧੀਮਾਨ) : ਬਲਟਾਣਾ ਇਲਾਕੇ ਦੀ 17 ਸਾਲਾ ਨਾਬਾਲਗ ਕੁੜੀ ਦੇ ਸ਼ੱਕੀ ਹਾਲਾਤ ’ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਪਿਤਾ ਨੇ ਦੱਸਿਆ ਕਿ ਉਹ ਨਿੱਜੀ ਟਰਾਂਸਪੋਰਟ ਕੰਪਨੀ ’ਚ ਨੌਕਰੀ ਕਰਦੇ ਹਨ। 13 ਜੁਲਾਈ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਡਿਊਟੀ ’ਤੇ ਗਏ ਹੋਏ ਸਨ, ਜਦੋਂ ਕਿ ਉਨ੍ਹਾਂ ਦੀ ਪਤਨੀ ਹੋਰ ਬੱਚਿਆਂ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ। ਦੁਪਹਿਰ ਕਰੀਬ 1.30 ਵਜੇ ਜਦੋਂ ਉਹ ਘਰ ਵਾਪਸ ਆਈ ਤਾਂ 17 ਸਾਲਾ ਧੀ ਘਰ ’ਚ ਨਹੀਂ ਮਿਲੀ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਜੈਵੀਰ ਉਰਫ਼ ਬੇਬੀ ਤੇ ਉਸ ਦੇ ਪਰਿਵਾਰ ’ਤੇ ਸ਼ੱਕ ਹੈ।
ਉਨ੍ਹਾਂ ਦਾ ਦੋਸ਼ ਹੈ ਕਿ ਜੈਵੀਰ ਪਹਿਲਾਂ ਵੀ ਉਨ੍ਹਾਂ ਦੀ ਧੀ ਨੂੰ ਆਪਣੇ ਨਾਲ ਲਿਜਾਣ ਤੇ ਉਸ ਨਾਲ ਵਿਆਹ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਹੈ। ਇਸ ਕਾਰਨ ਉਨ੍ਹਾਂ ਨੇ ਨਾਬਾਲਗ ਦੇ ਲਾਪਤਾ ਹੋਣ ’ਚ ਉਸ ਦੀ ਸੰਭਾਵਿਤ ਭੂਮਿਕਾ ਹੋਣ ਦਾ ਸ਼ੱਕ ਜਤਾਇਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਜੈਵੀਰ ਉਰਫ਼ ਬੇਬੀ ਅਤੇ ਉਸ ਦੀ ਮਾਤਾ ਪ੍ਰੇਮਵਤੀ ਤੋਂ ਪੁੱਛਗਿੱਛ ਕੀਤੀ ਗਈ, ਪਰ ਨਾਬਾਲਗ ਉਨ੍ਹਾਂ ਕੋਲ ਨਹੀਂ ਮਿਲੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਜਾਂਚ ਦੌਰਾਨ ਕਿਸੇ ਵੀ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
