''ਚਿੱਟੇ'' ਨੇ ਖੋਹਿਆ 3 ਭੈਣਾਂ ਦਾ ਇਕਲੌਤਾ ਭਰਾ, ਰੋਂਦੀ ਮਾਂ ਨੇ ਫਰੋਲਿਆ ਦੁੱਖ
Sunday, Feb 02, 2020 - 05:30 PM (IST)

ਜਗਰਾਓਂ (ਮਾਲਵਾ) : ਪੰਜਾਬ ਵਿਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲਾ ਇਥੋਂ ਦੇ ਮੁਹੱਲਾ ਮਾਈ ਜੀਨਾ ਜਗਰਾਓਂ ਦਾ ਸਾਹਮਣੇ ਆਇਆ ਹੈ, ਜਿੱਥੇ ਬੀਤੇ ਦਿਨੀਂ ਭਾਵੇਂ ਕਿ ਬੀਤੇ ਦਿਨੀਂ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਕਰ ਕੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਹਰਦੀਪ ਸਿੰਘ (30) ਪੁੱਤਰ ਬਲਜਿੰਦਰ ਸਿੰਘ ਵਾਸੀ ਮਾਈ ਜੀਨਾ ਜਗਰਾਓਂ ਦੀ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਘਰ 3 ਲੜਕੀਆਂ ਹਨ ਅਤੇ ਇਕਲੌਤਾ ਪੁੱਤਰ ਸੀ, ਜੋ ਕਿ ਪੈਲੇਸ ਆਦਿ 'ਚ ਕੰਮ ਕਰਦਾ ਸੀ ਅਤੇ ਦੋਸਤਾਂ ਨਾਲ ਮਿਲ ਕੇ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੋ ਗਿਆ ਸੀ, ਜਿਸ ਦੀ ਨਸ਼ੇ ਦੀ ਓਵਰਡੋਜ਼ ਕਰ ਕੇ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਮੇਰੇ ਇਕਲੌਤੇ ਪੁੱਤਰ ਦਾ ਵਿਆਹ ਮਨਦੀਪ ਕੌਰ ਨਾਲ ਹੋਇਆ ਸੀ, ਜਿਨ੍ਹਾਂ ਦੇ ਘਰ 4 ਲੜਕੀਆਂ ਤੋਂ ਬਾਅਦ ਇਕ ਲੜਕੇ ਨੇ ਜਨਮ ਲਿਆ। ਮ੍ਰਿਤਕ ਦੀ ਵੱਡੀ ਲੜਕੀ ਦੀ ਉਮਰ 8 ਸਾਲ ਦੀ ਹੈ, ਜਦਕਿ ਸਭ ਤੋਂ ਛੋਟੇ ਲੜਕੇ ਦੀ ਉਮਰ ਅਜੇ ਸਿਰਫ਼ 5 ਕੁ ਮਹੀਨੇ ਦੀ ਹੈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਪਿਛਲੇ ਕਰੀਬ 4-5 ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰਦਾ ਸੀ, ਜਿਸਨੇ ਸਾਡੇ ਘਰ ਨੂੰ ਵੀ ਗਹਿਣੇ ਰੱਖਿਆ ਹੋਇਆ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਮੁਹੱਲਾ ਮਾਈ ਜੀਨਾ ਜਗਰਾਓਂ ਵਿਖੇ ਔਰਤਾਂ ਵੱਲੋਂ ਇਕੱਠ ਕਰ ਕੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਸੀ ਕਿ ਸਾਡੇ ਮੁਹੱਲੇ 'ਚ ਕਈ ਲੋਕ ਸ਼ਰੇਆਮ ਨਸ਼ਾ ਵੇਚਦੇ ਹਨ ਪਰ ਪੁਲਸ-ਪ੍ਰਸ਼ਨ ਵੱਲੋਂ ਇਸ ਗੱਲ ਨੂੰ ਅਣਗੌਲਿਆਂ ਕੀਤਾ ਗਿਆ, ਜਿਸ ਕਾਰਨ ਅੱਜ ਚਿੱਟੇ ਦੇ ਨਸ਼ੇ ਦੀ ਓਵਰਡੋਜ਼ ਕਰ ਕੇ 30 ਸਾਲਾ ਨੌਜਵਾਨ ਦੀ ਮੌਤ ਹੋ ਗਈ।