ਭਰੇ ਬਾਜ਼ਾਰ ’ਚ ਨੌਜਵਾਨ ’ਤੇ ਬੇਸਬਾਲ ਨਾਲ ਹਮਲਾ, ਦਹਿਸ਼ਤ ’ਚ ਲੋਕ

Monday, Mar 29, 2021 - 04:52 PM (IST)

ਭਰੇ ਬਾਜ਼ਾਰ ’ਚ ਨੌਜਵਾਨ ’ਤੇ ਬੇਸਬਾਲ ਨਾਲ ਹਮਲਾ, ਦਹਿਸ਼ਤ ’ਚ ਲੋਕ

ਤਪਾ ਮੰਡੀ (ਸ਼ਾਮ,ਗਰਗ) : ਦਿਨ-ਦਿਹਾੜੇ 11 ਵਜੇ ਦੇ ਕਰੀਬ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਹੌਲੀ ਦੇ ਤਿਉਹਾਰ ਮੌਕੇ ਅਣਪਛਾਤੇ ਨੌਜਵਾਨ ਨੇ ਮੋਟਰਸਾਇਕਲ ’ਤੇ ਬੈਠੇ ਨੌਜਵਾਨ ’ਤੇ ਬੇਸਬਾਲ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਨੂੰ ਲੋਕਾਂ ਨੇ ਮੌਕੇ ’ਤੇ ਫੜਕੇ ਛਿੱਤਰ-ਪਰੇਡ ਕਰਕੇ ਪੁਲਸ ਹਵਾਲੇ ਕਰ ਦਿੱਤਾ। ਇਸ ਹੋਏ ਹਮਲੇ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹਸਪਤਾਲ ‘ਚ ਜੇਰੇ ਇਲਾਜ ਜ਼ਖਮੀ ਨੌਜਵਾਨ ਮੇਵਾ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਾਜੋਕੇ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤਾਜੋਕੇ ਵਿਖੇ ਰਿਸ਼ਤੇਦਾਰਾਂ ’ਚ ਵਿਆਹ ਸਮਾਗਮ ਚੱਲ ਰਿਹਾ ਸੀ, ਉਸਦਾ ਪੁੱਤਰ ਮੋਟਰਸਾਇਕਲ ’ਤੇ ਕਿਸੇ ਕੰਮ ਲਈ ਤਪਾ ਆਇਆ ਹੋਇਆ ਸੀ ਜਿਸ ’ਤੇ ਅਚਾਨਕ ਇਕ ਅਣਪਛਾਤੇ ਹਮਲਾਵਰ ਨੇ ਬੇਸਬਾਲ ਨਾਲ ਹਮਲਾ ਕਰਕੇ ਲਹੂ-ਲੁਹਾਣ ਕਰ ਦਿੱਤਾ।

ਮੌਕੇ ’ਤੇ ਮੌਜੂਦ ਦੁਕਾਨਦਾਰਾਂ ਨੇ ਹਮਲਾਵਰ ਨੂੰ ਕਾਬੂ ਕਰਕੇ ਉਸਦੀ ਰੱਜ ਕੇ ਛਿੱਤਰ ਪਰੇਡ ਕਰਕੇ ਪੁਲਸ ਦੇ ਹਵਾਲੇ ਕੀਤਾ। ਇਸ ਘਟਨਾ ਨਾਲ ਸ਼ਹਿਰ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਮੁਖੀ ਜਗਜੀਤ ਸਿੰਘ ਘੁਮਾਣ, ਸਹਾਇਕ ਥਾਣੇਦਾਰ ਗੁਰਦੀਪ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਭੀੜ ਨੂੰ ਤਿੱਤਰ-ਬਿੱਤਰ ਕੀਤਾ। ਪਤਾ ਲੱਗਾ ਹੈ ਕਿ ਪੁਲਸ ਨੇ ਦੋ ਹਮਲਾਵਰਾਂ ’ਚੋਂ ਇਕ ਨੂੰ ਕਾਬੂ ਕਰ ਲਿਆ ਹੈ, ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰ ਦੀ ਜ਼ਖਮੀ ਨੌਜਵਾਨ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ।


author

Gurminder Singh

Content Editor

Related News