ਸੜਕ ''ਚ ਪੁੱਟੇ ਟੋਇਆਂ ਨੇ ਲਈ ਦੋ ਨੌਜਵਾਨਾਂ ਦੀ ਜਾਨ

Saturday, Sep 14, 2019 - 04:56 PM (IST)

ਸੜਕ ''ਚ ਪੁੱਟੇ ਟੋਇਆਂ ਨੇ ਲਈ ਦੋ ਨੌਜਵਾਨਾਂ ਦੀ ਜਾਨ

ਤਪਾ ਮੰਡੀ (ਸ਼ਾਮ, ਗਰਗ) : ਬੀਤੀ ਰਾਤ ਇਥੋਂ ਤਿੰਨ ਕਿਲੋਮੀਟਰ ਦੂਰ ਤਪਾ-ਤਾਜੋਕੇ ਲਿੰਕ ਰੋਡ 'ਤੇ ਸਕੂਟਰੀ ਸਵਾਰ ਦੋ ਨੌਜਵਾਨਾਂ ਦੀ ਸੜਕ ਕੰਢੇ ਪਏ ਟੋਇਆਂ 'ਚ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਦੋ ਨੌਜਵਾਨ ਤਾਜੋਕੇ ਸਾਈਡ ਤੋਂ ਤਪਾ ਹੋ ਕੇ ਆਪਣੇ ਪਿੰਡ ਪਰਤ ਰਹੇ ਸੀ ਪਰ ਹਨੇਰਾ ਹੋਣ ਕਾਰਣ ਨੌਜਵਾਨਾਂ ਨੂੰ ਨਵੀਂ ਸੜਕ ਬਣਾਉਣ ਲਈ ਪੁੱਟੇ ਟੋਇਆਂ ਦਾ ਨਾ ਪਤਾ ਹੋਣ ਕਾਰਣ ਉਨ੍ਹਾਂ 'ਚ ਮੂਧੇ ਮੂੰਹ ਡਿੱਗ ਕੇ ਸਕੂਟਰੀ ਦਰੱਖਤ ਨਾਲ ਟਕਰਾ ਪਏ ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਅਤੇ ਗੰਭੀਰ ਰੂਪ 'ਚ ਜ਼ਖਮੀ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ।

ਸਕੂਟਰੀ ਸਵਾਰ ਨੌਜਵਾਨਾਂ ਦੀ ਪਛਾਣ ਜਸਵੀਰ ਸਿੰਘ ਪੁੱਤਰ ਮੱਲ੍ਹ ਸਿੰਘ ਵਾਸੀ ਢਿਪਾਲੀ ਅਤੇ ਸਾਧੂ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਮਹਿਰਾਜ ਦੇ ਤੌਰ 'ਤੇ ਹੋਈ ਹੈ। ਜਦੋਂ ਇਸ ਘਟਨਾ ਬਾਰੇ ਤਪਾ ਪੁਲਸ ਨੂੰ ਪਤਾ ਲੱਗਾ ਤਾਂ ਐੱਸ. ਐੱਚ. ਓ. ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ 'ਚ ਪੁੱਜੀ ਪੁਲਸ ਪਾਰਟੀ ਨੇ ਮ੍ਰਿਤਕ ਦੀ ਲਾਸ਼ ਨੂੰ ਮੋਰਚਰੀ ਬਰਨਾਲਾ 'ਚ ਰਖਵਾਇਆ ਅਤੇ ਗੰਭੀਰ ਰੂਪ 'ਚ ਜ਼ਖਮੀ ਸਾਧੂ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਜਿਥੇ ਉਸ ਦੀ  ਮੌਤ ਹੋ ਗਈ। 

ਪਿੰਡ ਤਾਜੋਕੇ ਦੇ ਲੋਕਾਂ ਨੇ ਸੜਕ ਨਿਰਮਾਣ ਵਿਭਾਗ ਦੇ ਠੇਕੇਦਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਠੇਕੇਦਾਰ ਨੇ ਸੜਕ ਦੇ ਦੋਵਾਂ ਪਾਸਿਓਂ ਸੜਕ ਪੁੱਟ ਕੇ ਸੁੱਟ ਦਿੱਤੀ ਹੈ ਜਿਥੇ ਹਰ ਰੋਜ਼ ਪਿੰਡ ਨਿਵਾਸੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਸੱਟਾਂ ਖਾ ਰਹੇ ਹਨ ਅਤੇ ਇਸੇ ਕਾਰਨ ਰਾਤ ਦੋ ਮੋਤਾਂ ਹੋ ਗਈਆਂ ਜਿਸ ਦੀ ਸਾਰੀ ਜ਼ਿੰਮੇਵਾਰੀ ਠੇਕੇਦਾਰ ਦੀ ਹੈ ਤੇ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇ, ਜਦ ਠੇਕੇਦਾਰ ਨਾਲ ਗੱਲ ਕਰਨੀ ਚਾਹੀ ਉਸ ਨੇ ਫੋਨ ਨਹੀਂ ਚੁਕਿਆ।


author

Gurminder Singh

Content Editor

Related News