ਸੜਕਾਂ ਹੋਣਗੀਆਂ ਚੌੜੀਆਂ: ਦੁਕਾਨਾਂ ਅੱਗੇ ਥੜ੍ਹਿਆਂ ਦੇ ਰੂਪ ’ਚ ਹੋਏ ਕਬਜ਼ਿਆਂ ਨੂੰ ‘ਢਹਿ-ਢੇਰੀ’ ਕਰੇਗਾ ‘ਪੀਲਾ ਪੰਜਾ’

Thursday, Nov 09, 2023 - 01:01 PM (IST)

ਸੜਕਾਂ ਹੋਣਗੀਆਂ ਚੌੜੀਆਂ: ਦੁਕਾਨਾਂ ਅੱਗੇ ਥੜ੍ਹਿਆਂ ਦੇ ਰੂਪ ’ਚ ਹੋਏ ਕਬਜ਼ਿਆਂ ਨੂੰ ‘ਢਹਿ-ਢੇਰੀ’ ਕਰੇਗਾ ‘ਪੀਲਾ ਪੰਜਾ’

ਜਲੰਧਰ (ਪੁਨੀਤ)–ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਸ਼ਹਿਰ ਵਿਚ ਸਾਫ਼-ਸਫ਼ਾਈ ਪ੍ਰਤੀ ਗੰਭੀਰਤਾ ਵਿਖਾ ਰਹੇ ਨਗਰ ਨਿਗਮ ਦੇ ਕਮਿਸ਼ਨਰ ਰਿਸ਼ੀਪਾਲ ਸਿੰਘ ਨੇ ਸੜਕਾਂ ਚੌੜੀਆਂ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਦੁਕਾਨਦਾਰਾਂ ਵੱਲੋਂ ਥੜ੍ਹਿਆਂ ਦੇ ਰੂਪ ਵਿਚ ਕੀਤੇ ਗਏ ਕਬਜ਼ਿਆਂ ਨੂੰ ਢਹਿ-ਢੇਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਦੁਕਾਨਦਾਰ ਜੇਕਰ ਖ਼ੁਦ ਕਬਜ਼ੇ ਨਹੀਂ ਹਟਾਉਣਗੇ ਤਾਂ ਨਗਰ ਨਿਗਮ ਦੀ ਡਿੱਚ ਮਸ਼ੀਨ (ਪੀਲਾ ਪੰਜਾ) ਨੂੰ ਕਾਰਵਾਈ ਕਰਨੀ ਪਵੇਗੀ।

ਨਿਗਮ ਕਮਿਸ਼ਨਰ ਵੱਲੋਂ ਬੀਤੇ ਦਿਨ ਜਲੰਧਰ ਦੇ 3 ਵਿਧਾਨ ਸਭਾ ਹਲਕਿਆਂ ਵਿਚ ਕੂੜੇ ਦੇ ਡੰਪਾਂ ਤੋਂ ਹੋਣ ਵਾਲੀ ਲਿਫਟਿੰਗ, ਸਾਫ਼-ਸਫ਼ਾਈ, ਗਰੀਨ ਬੈਲਟਾਂ ਸਮੇਤ ਵੱਖ-ਵੱਖ ਕੰਮਾਂ ਦਾ ਨਿਰੀਖਣ ਕੀਤਾ ਗਿਆ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਵਿਚ ਮੁੱਖ ਤੌਰ ’ਤੇ ਜਨਤਾ ਨੂੰ ਸਹੂਲਤਾਂ ਦੇਣ ਪ੍ਰਤੀ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ। ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਸਵੇਰੇ 8.30 ਵਜੇ ਮਾਡਲ ਟਾਊਨ ਸਥਿਤ ਨਿਗਮ ਹਾਊਸ ਤੋਂ ਰਵਾਨਾ ਹੋਏ ਅਤੇ ਇਸ ਦੌਰਾਨ ਉਨ੍ਹਾਂ ਨਾਲ ਜ਼ੋਨਲ ਕਮਿਸ਼ਨਰ ਵਿਕਰਾਂਤ ਵਰਮਾ ਅਤੇ ਹੋਰ ਅਧਿਕਾਰੀਆਂ ਦੀ ਟੀਮ ਮੌਜੂਦ ਸੀ। ਵੱਖ-ਵੱਖ ਸਥਾਨਾਂ ਵਿਚ ਹੋਏ ਨਿਰੀਖਣ ਵਿਚ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਅਤੇ ਸੀਨੀਅਰ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ। ਉਥੇ ਹੀ ਅੱਜ ਦੀ ਕਾਰਵਾਈ ਦਾ ਮੁੱਖ ਕੇਂਦਰ ਕਬਜ਼ੇ ਹਟਾਉਣ ’ਤੇ ਰਿਹਾ। ਨਕੋਦਰ ਚੌਂਕ ਦੇ ਆਸ-ਪਾਸ ਦੀਆਂ ਸੜਕਾਂ, ਸੋਢਲ ਚੌਂਕ ਤੋਂ ਦੋਆਬਾ ਚੌਂਕ ਤਕ ਦੀਆਂ ਮੁੱਖ ਸੜਕਾਂ ਨੂੰ ਚੌੜਾ ਕਰਨ ਸਬੰਧੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਗਿਆ। ਇਸ ਦੌਰਾਨ ਅਧਿਕਾਰੀਆਂ ਦੀਆਂ ਗੱਡੀਆਂ ਕਈ ਸਥਾਨਾਂ ’ਤੇ ਰੁਕੀਆਂ ਅਤੇ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਕਬਜ਼ੇ ਵਿਖਾਏ ਗਏ। ਦੱਸਿਆ ਜਾ ਰਿਹਾ ਹੈ ਕਿ ਕਈ ਸਥਾਨਾਂ ’ਤੇ 8-10 ਫੁੱਟ ਤਕ ਕਬਜ਼ੇ ਕੀਤੇ ਹੋਏ ਨਜ਼ਰ ਆਏ। ਵੇਖਣ ਵਿਚ ਆਇਆ ਕਿ ਸੀਮੈਂਟ ਦੇ ਪੱਕੇ ਥੜ੍ਹੇ ਬਣਾਏ ਜਾ ਚੁੱਕੇ ਹਨ, ਜਿਸ ਨਾਲ ਸੜਕ ਦੀ ਚੌੜਾਈ ਘੱਟ ਹੋ ਚੁੱਕੀ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ

ਹੁਕਮ ਦਿੱਤੇ ਗਏ ਕਿ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਵੱਡੇ-ਵੱਡੇ ਥੜ੍ਹੇ ਬਣਾ ਕੇ ਸੜਕਾਂ ’ਤੇ ਕਬਜ਼ਾ ਕੀਤਾ ਗਿਆ ਹੈ, ਉਨ੍ਹਾਂ ਨੂੰ ਤੁਰੰਤ ਨੋਟਿਸ ਜਾਰੀ ਕਰਦਿਆਂ ਕਬਜ਼ਿਆਂ ਨੂੰ ਹਟਾਉਣ ਲਈ ਕਿਹਾ ਜਾਵੇ। ਜੇ ਦੁਕਾਨਦਾਰ ਆਪਣੇ ਪੱਧਰ ’ਤੇ ਥੜ੍ਹੇ ਨਹੀਂ ਹਟਾਉਂਦੇ ਤਾਂ ਨਗਰ ਨਿਗਮ ਇਨ੍ਹਾਂ ਥੜ੍ਹਿਆਂ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਕਰੇਗਾ। ਸਵੇਰੇ ਸ਼ੁਰੂ ਹੋਈ ਕਾਰਵਾਈ ਦੌਰਾਨ ਨਿਗਮ ਕਮਿਸ਼ਨਰ ਡਾ. ਰਿਸ਼ੀਪਾਲ ਵੱਲੋਂ ਸਭ ਤੋਂ ਪਹਿਲਾਂ ਨਕੋਦਰ ਰੋਡ ਸਥਿਤ ਕੂੜੇ ਦੇ ਡੰਪ ਦਾ ਮੁਆਇਨਾ ਕਰਦਿਆਂ ਹਦਾਇਤਾਂ ਦਿੱਤੀਆਂ ਗਈਆਂ ਕਿ ਕੂੜੇ ਦੀ ਲਿਫਟਿੰਗ ਵਿਚ ਦੇਰੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਰੋਜ਼ਾਨਾ ਡੰਪਾਂ ਦਾ ਨਿਰੀਖਣ ਕਰਨ ਅਤੇ ਕੂੜਾ ਹਟਾਉਣ ਦੇ ਕੰਮ ਨੂੰ ਅਹਿਮੀਅਤ ਦਿੱਤੀ ਜਾਵੇ।

ਇਸ ਉਪਰੰਤ ਚਿਕਚਿਕ ਹਾਊਸ ਰੋਡ ਤੋਂ ਹੁੰਦੇ ਹੋਏ ਟੀਮਾਂ ਵਰਕਸ਼ਾਪ ਚੌਕ ਪਹੁੰਚੀਆਂ। ਨਿਗਮ ਕਮਿਸ਼ਨਰ ਨੇ ਗਰੀਨ ਬੈਲਟਾਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਪ੍ਰਤੀ ਧਿਆਨ ਦੇਣਾ ਜ਼ਰੂਰੀ ਹੈ, ਇਸ ਲਈ ਜ਼ੋਨਲ ਕਮਿਸ਼ਨਰ ਬਿਊਟੀਫਿਕੇਸ਼ਨ ’ਤੇ ਫੋਕਸ ਕਰਨ ਅਤੇ ਬਾਗਬਾਨੀ ਸਮੇਤ ਦੂਜੀਆਂ ਟੀਮਾਂ ਨੂੰ ਰੁਟੀਨ ਵਿਚ ਗਰੀਨ ਬੈਲਟਾਂ ’ਤੇ ਕੰਮ ਕਰਨ ਲਈ ਤਾਇਨਾਤ ਕੀਤਾ ਜਾਵੇ। ਇਸੇ ਤਰ੍ਹਾਂ ਲੰਮਾ ਪਿੰਡ ਕੋਲ ਤਿਆਰ ਕਰਵਾਈ ਗਈ ਖੂਬਸੂਰਤੀ ਘੱਟ ਨਹੀਂ ਹੋਣੀ ਚਾਹੀਦੀ। ਇਸ ਪ੍ਰਤੀ ਵਿਸ਼ੇਸ਼ ਤੌਰ ’ਤੇ ਫੋਕਸ ਕਰਨ ਲਈ ਕਿਹਾ ਗਿਆ। 9.30 ਦੇ ਲਗਭਗ ਸੋਢਲ ਅੰਡਰਬ੍ਰਿਜ ਪਹੁੰਚੇ ਅਧਿਕਾਰੀਆਂ ਵੱਲੋਂ ਸਫ਼ਾਈ ਵਿਵਸਥਾ ਦਾ ਜਾਇਜ਼ਾ ਲਿਆ ਗਿਆ ਅਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਗਿਣਤੀ ਨੋਟ ਕੀਤੀ ਗਈ। ਇਸ ਤੋਂ ਬਾਅਦ ਸੋਢਲ ਮੰਦਿਰ ਦੇ ਆਸ-ਪਾਸ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ ਗਿਆ। ਸੋਢਲ ਚੌਕ ਤੋਂ ਜੇ. ਐੱਮ. ਪੀ. ਵਾਲੀ ਰੋਡ ਤੋਂ ਹੁੰਦੇ ਹੋਏ ਟੀਮਾਂ ਦੋਆਬਾ ਚੌਕ ਪਹੁੰਚੀਆਂ ਅਤੇ ਕਈ-ਕਈ ਫੁੱਟ ਥੜ੍ਹਿਆਂ ’ਤੇ ਧਿਆਨ ਕੇਂਦਰਿਤ ਕੀਤਾ। ਇਸੇ ਤਰ੍ਹਾਂ ਨਕੋਦਰ ਚੌਕ ਦੇ ਆਸ-ਪਾਸ ਵਾਲੀਆਂ ਮੁੱਖ ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੀ ਫੋਟੋ ਆਦਿ ਲਈ ਗਈ। ਉਥੇ ਹੀ ਕਮਿਸ਼ਨਰ ਵੱਲੋਂ ਵਿਕਾਸਪੁਰੀ, ਚੌਗਿੱਟੀ ਸਥਿਤ ਡੰਪ ਦਾ ਵੀ ਨਿਰੀਖਣ ਕੀਤਾ ਗਿਆ।

ਨਿਗਮ ਕਮਿਸ਼ਨਰ ਨੇ ਓ. ਐਂਡ ਐੱਮ., ਬੀ. ਐਂਡ ਆਰ. ਦੇ ਅਧਿਕਾਰੀਆਂ ਨੂੰ ਕੀਤਾ ਤਲਬ
ਸ਼ਹਿਰ ਦਾ ਨਿਰੀਖਣ ਕਰਨ ਤੋਂ ਬਾਅਦ ਮਾਡਲ ਟਾਊਨ ਸਥਿਤ ਨਿਗਮ ਹਾਊਸ ਵਿਚ ਪਹੁੰਚੇ ਨਿਗਮ ਕਮਿਸ਼ਨਰ ਰਿਸ਼ੀਪਾਲ ਸਿੰਘ ਵੱਲੋਂ ਓ. ਐਂਡ ਐੱਮ. (ਆਪ੍ਰੇਸ਼ਨ ਐਂਡ ਮੇਨਟੀਨੈਂਸ), ਬੀ. ਐਂਡ ਆਰ. (ਬਿਲਡਿੰਗ ਐਂਡ ਰੋਡਜ਼) ਦੀਆਂ ਟੀਮਾਂ ਨੂੰ ਤਲਬ ਕੀਤਾ ਗਿਆ। ਸ਼ਹਿਰ ਦੇ ਵਿਕਾਸ ਕੰਮਾਂ ਸਬੰਧੀ ਅਗਲੀ ਰੂਪ-ਰੇਖਾ ਨੂੰ ਲੈ ਕੇ ਅਹਿਮ ਵਿਚਾਰ ਚਰਚਾ ਕੀਤੀ ਗਈ। ਸੁਪਰਿੰਟੈਂਡੈਂਟ ਇੰਜੀ. ਅਨੁਰਾਗ ਮਹਾਜਨ, ਰਜਨੀਸ਼ ਡੋਗਰਾ, ਰਾਹੁਲ ਧਵਨ, ਸਟਰੀਟ ਲਾਈਟ ਤੋਂ ਐਕਸੀਅਨ ਸੁਖਵਿੰਦਰ ਸਿੰਘ ਸਮੇਤ ਕਈ ਅਧਿਕਾਰੀਆਂ ਵੱਲੋਂ ਨਿਗਮ ਕਮਿਸ਼ਨਰ ਨੂੰ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰੇਕ ਕੰਮ ਸਬੰਧੀ ਅਪਰੂਵਲ ਕਰਵਾਈ ਜਾਵੇ ਅਤੇ ਕੰਮ ਪੂਰਾ ਹੋਣ ’ਤੇ ਵਿਸਤ੍ਰਿਤ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇ। ਬੀ. ਐਂਡ ਆਰ. ਸਮੇਤ ਦੂਜੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਅਧੂਰੇ ਪਏ ਸਾਰੇ ਵਿਕਾਸ ਕੰਮ ਜਲਦ ਤੋਂ ਪੂਰੇ ਹੋਣੇ ਚਾਹੀਦੇ ਹਨ।

ਇਹ ਵੀ ਪੜ੍ਹੋ: PM ਮੋਦੀ ਤੇ ਭਾਜਪਾ ਨੇਤਾਵਾਂ ਨੇ ਦੇਸ਼ ਦੇ ਲੋਕਾਂ ਨਾਲ ਸਿਰਫ਼ ਜੁਮਲੇਬਾਜ਼ੀ ਕੀਤੀ: ਭਗਵੰਤ ਮਾਨ

ਡੰਪਾਂ ਦੇ ਬਾਹਰ ਨਹੀਂ ਫੈਲਣਾ ਚਾਹੀਦਾ ਕੂੜਾ
ਨਿਗਮ ਕਮਿਸ਼ਨਰ ਨੇ ਕਿਹਾ ਕਿ ਡੰਪਾਂ ਤੋਂ ਕੂੜੇ ਦੀ ਲਿਫਟਿੰਗ ਪਹਿਲ ਦੇ ਆਧਾਰ ’ਤੇ ਕੀਤੀ ਜਾਵੇ ਅਤੇ ਇਸ ਕੰਮ ਨੂੰ ਯਕੀਨੀ ਕੀਤਾ ਜਾਵੇ ਕਿ ਡੰਪਾਂ ਦੇ ਬਾਹਰ ਕੂੜਾ ਸੜਕਾਂ ’ਤੇ ਨਹੀਂ ਫੈਲਣਾ ਚਾਹੀਦਾ। ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਦੀਵਾਲੀ ਦੇ ਮੱਦੇਨਜ਼ਰ ਹਰੇਕ ਕੰਮ ਤੁਰੰਤ ਪ੍ਰਭਾਵ ਨਾਲ ਹੋਣਾ ਚਾਹੀਦਾ ਹੈ। ਕਿਸੇ ਵੀ ਕੰਮ ਵਿਚ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੂੜਾ ਲੈ ਕੇ ਜਾਣ ਵਾਲੀਆਂ ਗੱਡੀਆਂ ਵੀ ਕਵਰ ਹੋਣੀਆਂ ਚਾਹੀਦੀਆਂ ਹਨ ਅਤੇ ਕੂੜਾ ਰਸਤੇ ਵਿਚ ਡਿੱਗਦੇ ਹੋਏ ਨਜ਼ਰ ਨਹੀਂ ਆਉਣਾ ਚਾਹੀਦਾ। ਕਮਿਸ਼ਨਰ ਨੇ ਕਿਹਾ ਕਿ ਹਰੇਕ ਕੰਮ ਦਾ ਨਿਰੀਖਣ ਜਾਰੀ ਰਹੇਗਾ।

ਇਹ ਵੀ ਪੜ੍ਹੋ: ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711


author

shivani attri

Content Editor

Related News