ਘਰਾਂ ''ਤੇ ਚੱਲਿਆ ''ਪੀਲਾ ਪੰਜਾ'', ਸਕੂਲ ਵੀ ਕੀਤਾ ਮਲੀਆਮੇਟ
Sunday, Jun 24, 2018 - 05:40 AM (IST)
ਖਮਾਣੋਂ, (ਜਟਾਣਾ)- ਅੱਜ ਜਿਵੇਂ ਹੀ ਚੰਡੀਗੜ੍ਹ-ਲੁਧਿਆਣਾ ਰੋਡ ਨੂੰ ਛੇ ਮਾਰਗੀ ਬਣਾਉਣ ਲਈ ਪਿੰਡ ਜਟਾਣਾ ਉੱਚਾ ਵਿਖੇ ਸੜਕ ਬਣਾਉਣ ਵਾਲੇ ਠੇਕੇਦਾਰ ਵਲੋਂ ਜੇ. ਸੀ. ਬੀ. ਮਸ਼ੀਨ ਤੇ ਪੋਕ ਲਾਈਨ ਨਾਲ ਸੜਕ ਵਿਚ ਆਉਣ ਵਾਲੇ ਮਕਾਨ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਿੰਡ ਦੇ ਵਸਨੀਕਾਂ ਨੇ ਠੇਕੇਦਾਰ ਦਾ ਡਟ ਕੇ ਵਿਰੋਧ ਕੀਤਾ।
ਪਿੰਡ ਦੇ ਸਰਪੰਚ ਭੀਰਾ ਸਿੰਘ, ਸਾਬਕਾ ਸਰਪੰਚ ਦਲਵੀਰ ਸਿੰਘ, ਸ਼ੀਤਲ ਸਿੰਘ, ਜਸਵਿੰਦਰ ਸਿੰਘ, ਸਤਵਿੰਦਰ ਕੌਰ (ਤਿੰਨੇ ਪੰਚ), ਮਨਜੀਤ ਸਿੰਘ, ਹਰਦਮ ਸਿੰਘ, ਬਲਦੇਵ ਸਿੰਘ, ਮਾਸਟਰ ਜਰਨੈਲ ਸਿੰਘ, ਸੁਰਜੀਤ ਸਿੰਘ ਨੀਟਾ, ਅਮਰਜੀਤ ਸਿੰਘ ਕਲੇਰ, ਕੁਲਵੀਰ ਸਿੰਘ ਕਲੇਰ, ਬੂਟਾ ਸਿੰਘ ਮਾਂਗਟ, ਪੀ੍ਰਤਮ ਸਿੰਘ ਕਲੇਰ, ਸਾਬਕਾ ਪੰਚ ਬਹਾਦਰ ਸਿੰਘ, ਜਰਨੈਲ ਸਿੰਘ ਫੌਜੀ, ਝਰਮਲ ਸਿੰਘ, ਮੋਟਾ ਜੱਗੀ, ਹਰਦੀਪ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ (ਸਿੱਧੁਪੁਰ) ਕਰਨੈਲ ਸਿੰਘ ਜਟਾਣਾ, ਉੱਤਮ ਸਿੰਘ ਬਰਵਾਲੀ, ਇਕਬਾਲ ਸਿੰਘ ਜਟਾਣਾ, ਮੋਹਨ ਸਿੰਘ ਭੁੱਟਾ ਆਦਿ ਨੇ ਕਿਹਾ ਕਿ ਜਦੋਂ ਤਕ ਪਿੰਡ ਦੇ ਮਕਾਨ ਮਾਲਕਾਂ ਨੂੰ ਉਨ੍ਹਾਂ ਦੇ ਬਣਦੇ ਪੈਸੇ ਨਹੀ ਦਿੱਤੇ ਜਾਂਦੇ ਯੂਨੀਅਨ ਕਿਸੇ ਵੀ ਮਕਾਨ ਮਾਲਕ ਦਾ ਮਕਾਨ ਨਹੀਂ ਢਾਹੁਣ ਦੇਵੇਗੀ, ਭਾਵੇਂਕਿ ਇਸ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਉਨ੍ਹਾਂ ਕਿਹਾ ਕਿ ਸੜਕ ਵਿਚ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਮਕਾਨ ਆ ਰਹੇ ਹਨ, ਜਿਨ੍ਹਾਂ ਕੋਲ ਆਪਣੇ ਪਰਿਵਾਰ ਦੇ ਪਰਵਾਸ ਦਾ ਕੋਈ ਹੋਰ ਹੀਲਾ ਜਾਂ ਵਸੀਲਾ ਨਹੀਂ ਹੈ, ਇਸ ਕਰਕੇ ਇਨ੍ਹਾਂ ਮਕਾਨ ਮਾਲਕਾਂ ਨੂੰ ਤੁਰੰਤ ਪੈਸੇ ਜਾਰੀ ਕੀਤੇ ਜਾਣ ਤੇ ਪੈਸੇ ਜਾਰੀ ਹੋਣ ਤੋਂ ਬਾਅਦ ਵੀ ਇਨ੍ਹਾਂ ਨੂੰ ਮਕਾਨ ਖਾਲੀ ਕਰਨ ਦਾ ਸਮਾਂ ਦਿੱਤਾ ਜਾਵੇ, ਤਾਂ ਜੋ ਉਕਤ ਉਜੜ ਰਹੇ ਲੋਕ ਆਪਣਾ ਕੋਈ ਨਾ ਕੋਈ ਰੈਣ ਬਸੇਰਾ ਬਣਾ ਸਕਣ ਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰ ਸਕਣ।
ਸਰਕਾਰੀ ਪ੍ਰਾਇਮਰੀ ਸਕੂਲ ਜਟਾਣਾ ਉੱਚਾ ਦੇ ਮੁੱਖ ਅਧਿਆਪਕ ਸ਼ਿੰਗਾਰਾ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਬਿਲਡਿੰਗ ਵੀ ਢਾਹ ਦਿੱਤੀ ਗਈ ਤੇ ਹੁਣ ਉਨ੍ਹਾਂ ਕੋਲ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਥਾਂ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਹਿਲਾਂ ਬੱਚਿਆਂ ਦੇ ਬੈਠਣ ਦਾ ਕੋਈ ਬਦਲਵਾਂ ਪ੍ਰਬੰਧ ਕਰਨਾ ਚਾਹੀਦਾ ਸੀ, ਤਾਂ ਜੋ ਬੱਚਿਆਂ ਦੀ ਪੜ੍ਹਾਈ ਖਰਾਬ ਨਾ ਹੁੰਦੀ। ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਫਤਿਹਗੜ੍ਹ ਸਾਹਿਬ ਪ੍ਰਧਾਨ ਕਸ਼ਮੀਰਾ ਸਿੰਘ ਤੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਪੀੜਤਾਂ ਨੂੰ ਪੇਮੈਂਟ ਨਾ ਮਿਲੀ ਕਿਸੇ ਵੀ ਠੇਕੇਦਾਰ ਜਾਂ ਸਰਕਾਰ ਨੂੰ ਮਕਾਨ ਨਹੀਂ ਢਾਹੁਣ ਦਿੱਤੇ ਜਾਣਗੇ, ਬੇਸ਼ੱਕ ਦਿਨ ਰਾਤ-ਰੋਸ ਧਰਨੇ ਦੇਣੇ ਪੈਣ।