ਪੰਜਾਬ 2020 ਦੀਆਂ ਦੁਖਦਾਇਕ ਘਟਨਾਵਾਂ: ਜਿਨ੍ਹਾਂ ’ਚ ਪੂਰੇ ਪਰਿਵਾਰਕ ਮੈਂਬਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

12/29/2020 3:37:44 PM

ਜਲੰਧਰ, ਅੰਮ੍ਰਿਤਸਰ : ਸਾਡਾ ਜੀਵਨ ਬਹੁਤ ਖੂਬਸੂਰਤ ਹੋਣ ਦੇ ਨਾਲ-ਨਾਲ ਸੰਘਰਸ਼ਸ਼ੀਲ ਵੀ ਹੈ। ਜੇ ਇੱਥੇ ਸੁਖ ਹੈ ਤਾਂ ਦੁਖ ਵੀ ਹੈ, ਜੇ ਸਵੇਰ ਹੈ ਤਾਂ ਰਾਤ ਵੀ ਹੈ ਅਤੇ ਜੇ ਮਿਠਾਸ ਹੈ ਤਾਂ ਖਟਾਸ ਵੀ ਹੈ। ਜ਼ਿੰਦਗੀ ਦੇ ਹਰ ਚੰਗੇ-ਮਾੜੇ ਰੰਗ ਨੂੰ ਖੁਸ਼ੀ-ਖੁਸ਼ੀ ਹੰਢਾਉਣ ਨਾਲ ਹੀ ਮਨੁੱਖ ਦਾ ਸੰਪੂਰਨ ਵਿਕਾਸ ਸੰਭਵ ਹੁੰਦਾ ਹੈ। ਪਰ ਕਈ ਵਾਰ ਇਨਸਾਨ ਕਿਸੇ ਅਸਫ਼ਲਤਾ ਜਾਂ ਅਣਸੁਖਾਵੀਂ ਪਰਸਥਿਤੀਆਂ ਕਾਰਨ ਇੰਨੀ ਘੋਰ ਨਿਰਾਸ਼ਾ ’ਚ ਚਲਾ ਜਾਂਦਾ ਹੈ ਕਿ ਉਹ ਖ਼ੁਦਕੁਸ਼ੀ ਕਰਨ ਲਈ ਵੀ ਤਿਆਰ ਹੋ ਜਾਂਦਾ ਹੈ ਅਤੇ ਆਪਣੀ ਕੀਮਤੀ ਜਾਨ ਤੋਂ ਹੱਥ ਧੋ ਬੈਠਦਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਪਿਛਲੇ ਸਾਲ ਦੀ ਰਿਪੋਰਟ ਅਨੁਸਾਰ ਸੰਸਾਰ ਭਰ ’ਚ ਹੁੰਦੀਆਂ ਕੁੱਲ ਮਨੁੱਖੀ  ਮੌਤਾਂ ’ਚੋਂ 1.4 ਫ਼ੀਸਦੀ ਮੌਤਾਂ ਕੇਵਲ ਖ਼ੁਦਕੁਸ਼ੀਆਂ ਕਾਰਨ ਹੀ ਹੁੰਦੀਆਂ ਹਨ ਅਤੇ ਵਿਸ਼ਵ ਭਰ ਦੀਆਂ ਮੌਤਾਂ ਦੇ ਵੱਖ-ਵੱਖ ਕਾਰਨਾਂ ’ਚੋਂ ਅਠਾਰ੍ਹਵਾਂ ਸਭ ਤੋਂ ਵੱਡਾ ਕਾਰਨ ਖ਼ੁਦਕੁਸ਼ੀਆਂ ਹੀ ਹਨ। ਦੁਨੀਆ ’ਚ ਹਰ 40 ਸਕਿੰਟਾਂ ’ਚ ਇਕ ਮੌਤ ਖ਼ੁਦਕੁਸ਼ੀ ਕਾਰਨ ਹੋਣਾ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ। ਖ਼ੁਦਕੁਸ਼ੀ ਭਾਵੇਂ ਕਰਜ਼ੇ ਦੇ ਬੋਝ ਥੱਲੇ ਦੱਬੇ ਕਿਸੇ ਗਰੀਬ ਵਿਅਕਤੀ ਦੀ ਹੋਵੇ ਜਾਂ ਫ਼ਿਰ ਕੋਈ ਵਿਹਾਰਿਕ ਜਾਂ ਵਪਾਰਕ ਨੁਕਸਾਨ ਕਾਰਨ ਤਣਾਅ ’ਚ ਆਏ ਕਿਸੇ ਅਮੀਰ ਵਿਅਕਤੀ ਦੀ ਹੋਵੇ, ਉਨ੍ਹਾਂ ਦੇ ਮਰਨ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ, ਰਿਸ਼ੇਦਾਰਾਂ ਅਤੇ ਮਿੱਤਰਾਂ ਦੇ ਸੁਪਨਿਆਂ ਅਤੇ ਆਸਾਂ ਦੀ ਵੀ ਮੌਤ ਹੋ ਜਾਂਦੀ ਹੈ। ਜੇਕਰ ਸਾਲ 2020 ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ’ਚ ਜਿੱਥੇ ਇਕ ਪਾਸੇ ਕੋਰੋਨਾ ਕਾਰਨ ਤਬਾਹੀ ਮਚੀ ਰਹੀ ਉਥੇ ਹੀ ਦੂਜੇ ਪਾਸੇ ਪੰਜਾਬ ’ਚ ਪੂਰੇ ਪਰਿਵਾਰਾਂ ਵਲੋਂ ਕਿਸੇ ਨਾ ਕਿਸੇ ਪਰੇਸ਼ਾਨੀ ਦੇ ਚੱਲਦਿਆਂ ਮੌਤ ਨੂੰ ਗਲੇ ਲਗਾ ਲਿਆ ਗਿਆ। 

ਬਠਿੰਡਾ ’ਚ ਵਪਾਰੀ ਵਲੋਂ ਪਤਨੀ ਅਤੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ 
ਬਠਿੰਡਾ ਗਰੀਨ ਸਿਟੀ ’ਚ ਇਕ ਵਪਾਰੀ ਵਲੋਂ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਫਿਰ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਮਿ੍ਰਤਕ ਦਵਿੰਦਰ ਗਰਗ ਕਿਸੇ ਸਮੇਂ ਸ਼ਹਿਰ ਦੇ ਕੁਝ ਅਮੀਰਾਂ ’ਚ ਆਉਂਦਾ ਸੀ, ਜਿਸ ਦਾ ਕਾਫ਼ੀ ਪੈਸਾ ਚਿਟਫੰਡ ਕੰਪਨੀ ’ਚ ਡੁੱਬ ਗਿਆ ਸੀ, ਜਿਸ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਇਸ ਦੇ ਚੱਲਦਿਆਂ ਦਵਿੰਦਰ ਗਰਗ ਨੇ ਪਹਿਲਾਂ ਆਪਣੇ ਬੱਚਿਆਂ 14 ਸਾਲਾ ਕੁੜੀ, 10 ਸਾਲਾ ਮੁੰਡੇ ਅਤੇ ਪਤਨੀ ਨੂੰ ਆਪਣੇ ਲਾਇਸੈਂਸੀ ਰਿਵਾਲਰ ਨਾਲ ਗੋਲੀ ਮਾਰੀ ਅਤੇ ਖ਼ੁਦ ਨੂੰ ਵੀ ਗੋਲੀ ਮਾਰ ਲਈ।

PunjabKesariਪਤਨੀ ਦੀ ਮੌਤ ਤੋਂ ਬਾਅਦ ਭਗਤਾ ਭਾਈ ’ਚ 3 ਬੱਚਿਆਂ ਨੂੰ ਮੌਤ ਦੇ ਘਾਟ ਉਤਾਰ ਫਿਰ ਖ਼ੁਦ ਕੀਤੀ ਖ਼ੁਦਕੁਸ਼ੀ 
ਭਗਤਾ ਭਾਈ ਦੇ ਨੇੜਲੇ ਪਿੰਡ ਹਮੀਰਗੜ੍ਹ ਵਿਖੇ ਤਿੰਨ ਮਾਸੂਮ ਬੱਚਿਆਂ ਦੇ ਪਿਤਾ ਵਲੋਂ ਉਨ੍ਹਾਂ ਨੂੰ ਮਾਰਨ ਉਪਰੰਤ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਸੀ। ਜਾਣਕਾਪੀ ਮੁਤਾਬਕ ਬੇਅੰਤ ਸਿੰਘ ਭਗਤਾ ਭਾਈ ਵਿਖੇ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਉਸਦੀ ਪਤਨੀ ਲਵਪ੍ਰੀਤ ਕੌਰ ਕੈਂਸਰ ਤੋਂ ਪੀੜਤ ਸੀ। ਇਨ੍ਹਾਂ ਦੇ ਤਿੰਨ ਬੱਚੇ ਪ੍ਰਭਜੋਤ ਸਿੰਘ (7), ਅਰਸ਼ ਕੌਰ (3) ਤੇ ਖੁਸ਼ੀ ਕੌਰ (1) ਸਨ। ਕੈਂਸਰ ਪੀੜਤ ਪਤਨੀ ਦੇ ਇਲਾਜ ’ਚ ਉਸਦੀ ਉਮਰ ਭਰ ਦੀ ਜਮ੍ਹਾਂ ਪੂੰਜੀ ਖਰਚ ਹੋ ਚੁੱਕੀ ਸੀ, ਜਦਕਿ ਇਕ ਮਹੀਨਾ ਪਹਿਲਾਂ ਲਵਪ੍ਰੀਤ ਕੌਰ ਦੀ ਮੌਤ ਵੀ ਹੋ ਗਈ ਸੀ। ਬੇਅੰਤ ਸਿੰਘ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਸਾਰੇ ਰਿਸ਼ਤੇਦਾਰਾਂ ਨਾਲ ਬਹੁਤ ਖਫ਼ਾ ਸੀ। ਉਸ ਨੂੰ ਲੱਗਦਾ ਸੀ ਕਿ ਜੇਕਰ ਰਿਸ਼ਤੇਦਾਰ ਮਦਦ ਕਰਦੇ ਤਾਂ ਉਸਦੀ ਪਤਨੀ ਬਚ ਸਕਦੀ ਸੀ। ਪਤਨੀ ਦੀ ਮੌਤ ਤੋਂ ਬਾਅਦ ਉਹ ਬੱਚਿਆਂ ਨੂੰ ਇਕੱਲੇ ਘਰ ਛੱਡ ਕੇ ਵੀ ਨਹੀਂ ਸੀ ਜਾ ਸਕਦਾ। ਇਸ ਲਈ ਉਸਨੂੰ ਘਰ ਹੀ ਰਹਿਣਾ ਪੈਂਦਾ ਸੀ ਅਤੇ ਉਹ ਮਾਨਸਿਕ ਤੌਰ ’ਤੇ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਅੰਤ ਮਾਨਸਿਕ ਪ੍ਰੇਸ਼ਾਨੀ ਦੇ ਕਾਰਨ ਉਸਨੇ ਬੱਚਿਆਂ ਨੂੰ ਫਾਹਾ ਦੇ ਕੇ ਖੁਦ ਵੀ ਖ਼ੁਦਕੁਸ਼ੀ ਕਰ ਲਈ।

PunjabKesariਫ਼ਰੀਦਕੋਟ ’ਚ ਇਕੋ ਪਰਿਵਾਰ ਦੇ 4 ਜੀਆਂ ਨੇ ਕੀਤੀ ਖ਼ੁਦਕੁਸ਼ੀ
ਫ਼ਰੀਦਕੋਟ ਦੇ ਪਿੰਡ ਕਲੇਰ ’ਚ ਇੱਕੋ ਪਰਿਵਾਰ ਦੇ 4 ਜੀਆਂ ਵਲੋਂ ਅੱਗ ਲਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕਾਂ ਦੀ ਪਛਾਣ ਮੂਲ ਰੂਪ ਤੋਂ ਰਾਜਸਥਾਨ ਦੇ ਜ਼ਿਲ੍ਹਾ ਸੀਕਰ ਵਾਸੀ ਧਰਮਪਾਲ (40), ਪਤਨੀ ਸੀਮਾ (36), ਬੇਟੀ ਮੋਨਿਕਾ (15) ਅਤੇ ਬੇਟੇ ਹਤੀਸ਼ ਕੁਮਾਰ (10) ਵੱਜੋਂ ਕੀਤੀ ਗਈ ਹੈ। ਮਿ੍ਰਤਕ ਵਿਅਕਤੀ ਧਰਮਪਾਲ ਇੱਥੋਂ ਦੇ ਇਕ ਇੱਟਾਂ ਦੇ ਭੱਠੇ ’ਤੇ ਮੁੰਸ਼ੀ ਦਾ ਕੰਮ ਕਰਦਾ ਸੀ। ਪੁਲਸ ਨੂੰ ਮੁੱਢਲੀ ਜਾਂਚ ਦੌਰਾਨ ਉਨ੍ਹਾਂ ਦੇ ਘਰੋਂ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ’ਚ ਉਸ ਨੇ ਇੰਨਾ ਵੱਡਾ ਕਦਮ ਚੁੱਕਣ ਦਾ ਕਾਰਨ ਤਾਲਾਬੰਦੀ ਅਤੇ ਖ਼ਰਾਬ ਆਰਥਿਕ ਹਾਲਤ ਨੂੰ ਦੱਸਿਆ ਹੈ। 

PunjabKesariਗੁਰਦਾਸਪੁਰ ’ਚ ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ 
ਗੁਰਦਾਸਪੁਰ ’ਚ ਪਤੀ-ਪਤਨੀ ਅਤੇ ਇਕ ਧੀ ਵਲੋਂ ਇੱਠਿਆ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ ਗਈ। ਜਾਣਕਾਰੀ ਮੁਤਾਬਕ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪਰਿਵਾਰ ਵਲੋਂ ਇਕ ਵੀਡੀਓ ਵੀ ਬਣਾਈ ਗਈ ਹੈ, ਜਿਸ ’ਚ ਉਨ੍ਹਾਂ ਪਰੇਸ਼ਾਨ ਕਰਨ ਵਾਲਿਆਂ ਦਾ ਜ਼ਿਕਰ ਕੀਤਾ ਹੈ। ਵੀਡੀਓ ’ਚ ਭਾਰਤੀ ਸ਼ਬਨਮ ਨੇ ਦੱਸਿਆ ਕਿ ਉਸ ਨੇ ਭਰਾ ਨੇ ਕਿਸੇ ਦੇ ਹੱਥ ਉਨ੍ਹਾਂ ਨੂੰ ਸਲਫ਼ਾਸ ਭੇਜੀ ਹੈ ਤੇ ਕਿਹਾ ਕਿ ਬਦਨਾਮੀ ਨਾਲੋਂ ਇਕ ਖਾ ਕੇ ਤੁਸੀਂ ਮਰ ਜਾਓ। ਉਸ ਨੇ ਕਿਹਾ ਕਿ ਮੈਂ ਤੇ ਮੇਰਾ ਪਤੀ ਨਰੇਸ਼ ਕੁਮਾਰ ਤੇ ਧੀ ਮਾਨਸੀ ਸਲਫ਼ਾਸ ਖਾ ਕੇ ਖ਼ੁਦ ਨੂੰ ਖ਼ਤਮ ਕਰਨ ਜਾ ਰਹੇ ਹਾਂ। ਵੀਡੀਓ ’ਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਹਰਦੀਪ ਕੁਮਾਰ, ਉਸ ਦੀ ਪਤਨੀ ਨੀਤੀ ਪਠਾਨੀਆ, ਨਰਿੰਦਰ ਵਿੱਜ ਤੇ ਉਸ ਦੀ ਭੈਣ ਨੀਤੂ, ਜੱਗਾ ਪਟਵਾਰੀ, ਜਸ਼ਪਾਲ ਬੇਦੀ, ਅਮਿਤ ਸੁਨਿਆਰਾ, ਦੀਪਾ ਮਹਾਜਨ, ਅਦਰਸ਼ ਹਨ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਮੌਤ ਤੋਂ ਬਾਅਦ ਇਨਸਾਫ਼ ਦਵਾਇਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਸਮੇਤ ਸਲਫ਼ਾਸ ਨਿਗਲ ਲਿਆ। 

PunjabKesari

ਨੋਟ — 2020 ’ਚ ਪੰਜਾਬ ’ਚ ਪੂਰੇ ਪਰਿਵਾਰਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 
 


Baljeet Kaur

Content Editor Baljeet Kaur